ਰਵਿੰਦਰ ਰਵੀ
ਬਰਨਾਲਾ, 11 ਫਰਵਰੀ
ਸਾਂਝਾ ਕਿਸਾਨ ਮੋਰਚਾ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਦਾ ਮੁਆਵਜ਼ਾ ਨਾ ਦੇਣ ਖ਼ਿਲਾਫ਼ ਡੀਸੀ ਦਫ਼ਤਰ ਦੇ ਮੁਕੰਮਲ ਘਿਰਾਓ ਦੇ ਅੱਜ ਦੂਜੇ ਦਿਨ ਕਿਸਾਨੀ ਸੰਘਰਸ਼ ਅੱਗੇ ਝੁਕਦਿਆਂ ਪ੍ਰਸ਼ਾਸਨ ਨੇ ਤਿੰਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਬਣਦੇ ਮੁਆਵਜ਼ੇ ਦੇ ਚੈੱਕ ਦਿੱਤੇ।
ਕਿਸਾਨ ਆਗੂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਰਾਮ, ਅਮਰਜੀਤ ਕੌਰ, ਗੁਰਚਰਨ ਸਿੰਘ ਸਰਪੰਚ ਨੇ ਕਿਹਾ ਕਿ ਪਿੰਡ ਸੰਘੇੜਾ ਦੇ ਕਿਸਾਨ ਕੁਲਵਿੰਦਰ ਸਿੰਘ, ਅਤਰ ਸਿੰਘ ਵਾਲਾ ਦੇ ਕਿਸਾਨ ਗੁਰਦੇਵ ਸਿੰਘ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਐਲਾਨੀ ਮੁਆਵਜ਼ਾ ਰਾਸ਼ੀ ਪੰਜ ਲੱਖ ਰੁਪਏ ਅਦਾ ਕਰਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਆਨਾਕਾਨੀ ਕਰ ਰਿਹਾ ਸੀ। ਬੀਤੇ ਦਿਨੀਂ ਸ਼ਹੀਦ ਹੋਏ ਕਿਸਾਨ ਆਗੂ ਬਲਵੀਰ ਸਿੰਘ ਭਦੌੜ ਦਾ ਪੰਜ ਲੱਖ ਰੁਪਏ ਦਾ ਚੈੱਕ ਜਾਰੀ ਕਰ ਦਿੱਤਾ ਸੀ ਪਰ ਬਲਵੀਰ ਸਿੰਘ ਦੇ ਭਰਾ ਕੁਲਵੰਤ ਸਿੰਘ ਨੇ ਸਟੇਜ ਤੋਂ ਐਲਾਨ ਕੀਤਾ ਕਿ ਜਦੋਂ ਤਕ ਦੂਜੇ ਦੋਵੇਂ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਨਹੀਂ ਦਿੱਤੇ ਜਾਂਦੇ, ਉਨ੍ਹਾਂ ਦਾ ਪਰਿਵਾਰ ਵੀ ਰਾਸ਼ੀ ਦੇ ਚੈੱਕ ਨਹੀਂ ਲਵੇਗਾ। ਅਖ਼ੀਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨੀ ਸੰਘਰਸ਼ ਅੱਗੇ ਝੁਕਦਿਆਂ ਤਿੰਨੋਂ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇ ਚੈੱਕ ਸੌਂਪੇ। ਕਿਸਾਨ ਆਗੂਆਂ ਨੇ ਇਸ ਮਗਰੋਂ ਡੀਸੀ ਦਫ਼ਤਰ ਦਾ ਘਿਰਾਓ ਖਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਭਲਕ ਤੋਂ ਮੋਰਚਾ ਪਹਿਲਾਂ ਵਾਲੀ ਥਾਂ ਰੇਲਵੇ ਸਟੇਸ਼ਨ ਬਰਨਾਲਾ ’ਤੇ ਹੀ ਚੱਲੇਗਾ। ਆਗੂਆਂ ਨੇ ਐਲਾਨ ਕੀਤਾ ਕਿ 12 ਫਰਵਰੀ ਨੂੰ ਸ਼ਹੀਦ ਬਲਵੀਰ ਸਿੰਘ ਦਾ ਸਸਕਾਰ ਜਥੇਬੰਦਕ ਸਨਮਾਨਾਂ ਨਾਲ ਭਦੌੜ ਵਿੱਚ ਬਾਅਦ ਦੁਪਹਿਰ ਕੀਤਾ ਜਾਵੇਗਾ।