ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜੁਲਾਈ
ਭਾਰਤ ਦੇ ਖਪਤਕਾਰ ਮਾਮਲਿਆਂ, ਖੁਰਾਕ ਅਤੇ ਵੰਡ ਪ੍ਰਣਾਲੀ ਮੰਤਰਾਲੇ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਬਾਜ਼ਾਰ ਵਿੱਚ ਕਣਕ ਅਤੇ ਚੌਲਾਂ ਦੀ ਕੀਮਤ ਨਿਯੰਤ੍ਰਿਤ ਕਰਨ ਲਈ ਇਨ੍ਹਾਂ ਫ਼ਸਲਾਂ ਦੇ ਵਾਧੂ ਭੰਡਾਰਾਂ ਦੀ ਵਿਕਰੀ ਭਾਰਤੀ ਖੁਰਾਕ ਨਿਗਮ ਵੱਲੋਂ ਖੁੱਲ੍ਹਾ ਬਾਜ਼ਾਰ ਵਿਕਰੀ ਸਕੀਮ (ਘਰੇਲੂ) ਤਹਿਤ ਕੀਤੀ ਜਾਵੇਗੀ। ਇਹ ਵਿਕਰੀ ਖੁੱਲ੍ਹੇ ਬਾਜ਼ਾਰ ਵਿੱਚ ਪਹਿਲਾਂ ਤੋਂ ਨਿਰਧਾਰਿਤ ਕੀਮਤਾਂ ਤਹਿਤ ਈ-ਆਕਸ਼ਨ ਰਾਹੀਂ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਜਾਰੀ ਹਫ਼ਤੇ ਦੌਰਾਨ 1,75,000 ਲੱਖ ਟਨ ਅਨਾਜ (25 ਹਜ਼ਾਰ ਮੀਟ੍ਰਿਕ ਟਨ ਕਣਕ ਅਤੇ 1,50,000 ਮੀਟ੍ਰਿਕ ਟਨ ਚੌਲ) ਪੰਜਾਬ ਖੇਤਰ ਦੇ ਕੇਂਦਰਾਂ ਵਿੱਚ ਈ-ਬੋਲੀ ਲਈ ਰੱਖੇ ਗਏ ਹਨ। ਇਸ ਤਹਿਤ ਪੰਜਾਬ ਵਿੱਚ ਕਣਕ ਦੇ 25 ਅਤੇ ਚੌਲਾਂ ਦੇ 62 ਕੇਂਦਰ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਭਾਰਤੀ ਖੁਰਾਕ ਨਿਗਮ ਦੇ ਡਿਪਟੀ ਜਨਰਲ ਮੈਨੇਜਰ ਵੱਲੋਂ ਸਾਂਝੀ ਕੀਤੀ ਗਈ ਹੈ।