ਨਿੱਜੀ ਪੱਤਰ ਪ੍ਰੇਰਕ
ਜਲੰਧਰ, 6 ਜੁਲਾਈ
ਫਿਲਮੀ ਅਦਾਕਾਰ ਰਾਣਾ ਜੰਗ ਬਹਾਦਰ ਨੂੰ ਅੱਜ ਪੁਲੀਸ ਨੇ ਪੰਚਕੂਲਾ ਤੋਂ ਗ੍ਰਿਫ਼ਤਾਰ ਕਰ ਕੇ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ। ਰਾਣਾ ਜੰਗ ਬਹਾਦਰ ’ਤੇ ਦੋਸ਼ ਲੱਗਾ ਸੀ ਕਿ ਉਸ ਨੇ ਭਗਵਾਨ ਵਾਲਮੀਕਿ ਬਾਰੇ ਅਪਸ਼ਬਦ ਵਰਤੇ ਸਨ। ਪੁਲੀਸ ਨੇ ਤਾਂ ਰਾਣਾ ਜੰਗ ਬਹਾਦਰ ਦਾ ਪੰਜ ਦਿਨ ਦਾ ਪੁਲੀਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੁਲੀਸ ਦੀਆਂ ਦਲੀਲਾਂ ਨੂੰ ਰੱਦ ਕਰਦਿਆ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਦੀ ਤਰੀਕ 20 ਜੁਲਾਈ ਤੈਅ ਕੀਤੀ ਗਈ ਹੈ। ਜ਼ਿਲ੍ਹਾ ਅਦਾਲਤ ਤੋਂ ਬਾਹਰ ਆਉਂਦਿਆਂ ਰਾਣਾ ਜੰਗ ਬਹਾਦਰ ਨੇ ਦਲਿਤ ਸਮਾਜ ਤੋਂ ਮੁਆਫ਼ੀ ਮੰਗੀ ਹੈ। ਰਾਣਾ ਜੰਗ ਬਹਾਦਰ ਦੇ ਵਕੀਲ ਕਪਿਲ ਬਤਰਾ ਨੇ ਦੱਸਿਆ ਕਿ ਰਾਣਾ ਜੰਗ ਬਹਾਦਰ ਕੋਲੋਂ ਅਣਜਾਣੇ ਵਿੱਚ ਜੋ ਗੱਲ ਕਹੀ ਗਈ ਸੀ, ਉਸ ਦੀ ਉਹ ਕਈ ਵਾਰ ਮੁਆਫ਼ੀ ਮੰਗ ਚੁੱਕੇ ਹਨ। ਅੱਜ ਵੀ ਉਨ੍ਹਾਂ ਨੇ ਅਦਾਲਤ ਅੱਗੇ ਮੁਆਫ਼ੀ ਮੰਗੀ ਹੈ। ਹਾਲਾਂਕਿ ਪੁਲੀਸ ਪੰਜ ਦਿਨ ਦਾ ਰਿਮਾਂਡ ਮੰਗ ਰਹੀ ਸੀ। ਉਨ੍ਹਾਂ ਦਲੀਲ ਦਿੱਤੀ ਕਿ ਜਦੋਂ ਰਾਣਾ ਕੋਲੋਂ ਕੁਝ ਰਿਕਵਰ ਹੀ ਨਹੀਂ ਕਰਵਾਉਣਾ ਤਾਂ ਰਿਮਾਂਡ ਕਿਸ ਗੱਲ ਲਈ ਮੰਗਿਆ ਜਾ ਰਿਹਾ ਹੈ। ਅਦਾਲਤ ਵਿੱਚੋਂ ਬਾਹਰ ਆਉਂਦਿਆਂ ਰਾਣਾ ਨੇ ਮੀਡੀਆ ਨੂੰ ਕਿਹਾ ਕਿ ਉਹ ਸਮੁੱਚੇ ਵਾਲਮੀਕਿ ਭਾਈਚਾਰੇ ਤੋਂ ਮੁਆਫ਼ੀ ਮੰਗਦੇ ਹਨ। ਇਹ ਮਾਮਲਾ ਗੁਰੂ ਰਵੀਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਸੀ। ਸ੍ਰੀ ਤੱਲਣ ਨੇ ਕਿਹਾ ਭਗਵਾਨ ਵਾਲਮੀਕਿ ਅਤੇ ਗੁਰੂ ਰਵੀਦਾਸ ਬਾਰੇ ਜਿਹੜਾ ਵੀ ਕੋਈ ਅਪਸ਼ਬਦ ਬੋਲੇਗਾ ਮੁਆਫ਼ੀਆਂ ਮੰਗ ਕੇ ਨਹੀਂ ਸਰਨਾ, ਉਸ ਨੂੰ ਜੇਲ੍ਹ ਜਾਣਾ ਪਵੇਗਾ।