ਖੇਤਰੀ ਪ੍ਰਤੀਨਿਧ
ਪਟਿਆਲਾ, 7 ਮਈ
ਪਟਿਆਲਾ ਤੋਂ ਕਾਂਗਰਸੀ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਪਾਰਟੀ ’ਚੋਂ ਬਾਹਰ ਕੱਢਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪ੍ਰਨੀਤ ਕੌਰ ਨੂੰ ਨੈਤਿਕ ਆਧਾਰ ’ਤੇ ਖ਼ੁਦ ਹੀ ਲਾਂਭੇ ਹੋ ਜਾਣਾ ਚਾਹੀਦਾ ਹੈ। ਰਾਜਾ ਵੜਿੰਗ ਇਥੇ ‘ਸਮਾਜ ਭਲਾਈ ਬੋਰਡ ਪੰਜਬ’ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਤੇ ਯੂਥ ਕਾਂਗਰਸ ਆਗੂ ਜਸਵਿੰਦਰ ਰੰਧਾਵਾ ਦੇ ਘਰ ਕਾਂਗਰਸੀ ਵਰਕਰਾਂ ਨਾਲ ਖੁੱਲ੍ਹੀ ਗੱਲਬਾਤ ਕਰਨ ਲਈ ਪਹੁੰਚੇ ਸਨ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਸਵਾਲ ਕੀਤਾ ਕਿ ਪ੍ਰਨੀਤ ਕੌਰ ਵੱਲੋਂ ਚੋਣਾਂ ਦੌਰਾਨ ਪਾਰਟੀ ਵਿਰੁੱਧ ਕਾਰਵਾਈ ਕਰਨ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਐਕਸ਼ਨ ਕਿਉਂ ਨਹੀਂ ਲਿਆ ਗਿਆ। ਇਸ ਦੇ ਜਵਾਬ ਵਿੱਚ ਸ੍ਰੀ ਵੜਿੰਗ ਨੇ ਕਿਹਾ ਕਿ ਕਾਂਗਰਸ ਅਨੁਸ਼ਾਸਨ ਪਸੰਦ ਪਾਰਟੀ ਹੈ ਤੇ ਬਤੌਰ ਸੂਬਾ ਪ੍ਰਧਾਨ ਉਨ੍ਹਾਂ ਦੀ ਕੋਸਿਸ਼ ਰਹੇਗੀ ਕਿ ਪ੍ਰਨੀਤ ਕੌਰ ਨੂੰ ਛੇਤੀ ਹੀ ਪਾਰਟੀ ਤੋਂ ਬਾਹਰ ਕਰ ਦਿੱਤਾ ਜਾਵੇ। ਵੜਿੰਗ ਨੇ ਇਹ ਮਾਮਲਾ ਹਾਈ ਕਮਾਨ ਨਾਲ ਵਿਚਾਰਨ ਦਾ ਭਰੋਸਾ ਦਿਵਾਇਆ। ਜ਼ਿਕਰਯੋਗ ਹੈ ਕਿ ਪਰਨੀਤ ਕੌਰ ਪਟਿਆਲਾ ਤੋਂ ਚੌਥੀ ਵਾਰ ਕਾਂਗਰਸੀ ਸੰਸਦ ਮੈਂਬਰ ਬਣੇ ਹਨ। ਪਰ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਆਪਣੇ ਪਤੀ ਦੀ ਪਾਰਟੀ ਦੇ ਹੱਕ ’ਚ ਭੁਗਤਣਾ ਉਨ੍ਹਾਂ ਦੇ ਕਾਂਗਰਸ ਵਿੱਚ ਹੋਣ ’ਤੇ ਸਵਾਲ ਖੜ੍ਹੇ ਕਰ ਗਿਆ ਹੈੈ। ਇਸ ਮੌਕੇ ਕਾਂਗਰਸੀ ਆਗੂਆਂ ਨੇ ਰਾਜਾ ਵੜਿੰਗ ਦਾ ਸਨਮਾਨ ਵੀ ਕੀਤਾ।