ਗਗਨਦੀਪ ਅਰੋੜਾ
ਲੁਧਿਆਣਾ, 16 ਜੂਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦੇ ਨਾਂ ’ਤੇ ਸਰਗਰਮ ਗਰੋਹ ਕਾਂਗਰਸੀਆਂ ਲਈ ਮੁਸੀਬਤ ਬਣ ਚੁੱਕਿਆ ਹੈ। ਪਹਿਲਾਂ ਇਸ ਗਰੋਹ ਦੇ ਕੁਝ ਮੈਂਬਰਾਂ ਨੇ ਕਾਂਗਰਸੀਆਂ ਨੂੰ ਵਿਧਾਨ ਸਭਾ ਟਿਕਟ ਦਿਵਾਉਣ ਦੇ ਨਾਂ ’ਤੇ ਠੱਗਿਆ ਸੀ ਅਤੇ ਹੁਣ ਇੱਕ ਹੋਰ ਗਰੋਹ ਕਾਂਗਰਸੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਭੜਕਾਉਣ ਦੀ ਸਾਜ਼ਿਸ਼ ’ਚ ਲੱਗਾ ਹੋਇਆ ਹੈ। ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 6 ਪੁਲੀਸ ਨੇ ਅਜਿਹੇ ਹੀ ਗਰੋਹ ਖਿਲਾਫ਼ ਕੇਸ ਦਰਜ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਹ ਕੇਸ ਡਵੀਜ਼ਨ ਨੰਬਰ 6 ’ਚ ਤੈਨਾਤ ਇੰਸਪੈਕਟਰ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਇੰਸਪੈਕਟਰ ਅਮਨਦੀਪ ਸਿੰਘ ਨੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੀ ਪੁਲੀਸ ਟੀਮ ਨਾਲ ਗਿੱਲ ਚੌਕ ’ਤੇ ਮੌਜੂਦ ਸਨ ਤਾਂ ਇਸੇ ਦੌਰਾਨ ਇੱਕ ਵਿਅਕਤੀ ਨੇ ਗੁਪਤ ਸੂਚਨਾ ਦਿੱਤੀ ਕਿ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦੇ ਨਾਂ ’ਤੇ ਕੁਝ ਲੋਕਾਂ ਨੇ ਇੱਕ ਗਰੋਹ ਬਣਾ ਰੱਖਿਆ ਹੈ। ਇਸ ਗਰੋਹ ਦੇ ਮੈਂਬਰ ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼ ਕੱਢ ਕੇ ਕੁਝ ਕਾਂਗਰਸੀ ਆਗੂਆਂ ਨੂੰ ਫੋਨ ਕਰ ਰਹੇ ਹਨ ਅਤੇ ਮੁੱਖ ਮੰਤਰੀ ਖ਼ਿਲਾਫ਼ ਭੜਕਾ ਰਹੇ ਹਨ। ਕਾਂਗਰਸੀ ਆਗੂਆਂ ਨੂੰ ਆਖਿਆ ਜਾ ਰਿਹਾ ਹੈ ਕਿ ਜੇਕਰ ਉਹ ਮੁੱਖ ਮੰਤਰੀ ਖ਼ਿਲਾਫ਼ ਬਿਆਨ ਦੇਣਗੇ ਤਾਂ ਉਨ੍ਹਾਂ ਦੀ ਆਵਾਜ਼ ਦਿੱਲੀ ਸਥਿਤ ਕਾਂਗਰਸ ਹਾਈਕਮਾਂਡ ਕੋਲ ਪੁੱਜ ਜਾਵੇਗੀ। ਇਸ ਦੇ ਨਾਲ ਹੀ ਇਸ ਗਰੋਹ ਦੇ ਮੈਂਬਰ ਆਗੂਆਂ ਨੂੰ ਫੋਨ ਕਰ ਕੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਟਿਕਟਾਂ ਦਿਵਾਉਣ ਦਾ ਲਾਲਚ ਵੀ ਦੇ ਰਹੇ ਹਨ। ਇਸ ਵੇਲੇ ਇਹ ਗਰੋਹ ਲੁਧਿਆਣਾ ਦੇ ਸ਼ੇਰਪੁਰ ਤੋਂ ਲੈ ਕੇ ਦਿੱਲੀ ਰੋਡ ਦੇ ਆਸ-ਪਾਸ ਦੇ ਇਲਾਕੇ ਵਿੱਚ ਸਰਗਰਮ ਹੈ।