ਸੁਰਜੀਤ ਮਜਾਰੀ
ਬੰਗਾ, 25 ਜਨਵਰੀ
ਚੋਣ ਕਮਿਸ਼ਨ ਵੱਲੋਂ ਜ਼ਾਬਤੇ ਦੀ ਪਾਲਣਾ ਕਰਵਾਉਣ ਲਈ ਉਮੀਦਵਾਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਲਈ ਆਧੁਨਿਕ ਤਕਨੀਕ ਅਤੇ ਪੁਲੀਸ ਬਲ ਵਾਲੇ ਚੋਣ ਨਿਗਰਾਨ ਦਸਤੇ ਤਾਇਨਾਤ ਕੀਤੇ ਗਏ ਹਨ। ਵੋਟਰਾਂ ਨੂੰ ਕਿਸੇ ਕਿਸਮ ਦੇ ਲਾਲਚ ਦੇਣ ਅਤੇ ਉਨ੍ਹਾਂ ਨਾਲ ਹੁੰਦਾ ਧੱਕਾ ਰੋਕਣ ਲਈ ਇਹ ਦਸਤੇ ਹਰ ਹਲਕੇ ’ਚ ਸਰਗਰਮ ਹਨ। ਇਸ ਟੀਮ ਦੇ ਥਾਪੇ ਗਏ ਮੁਖੀਆਂ ਨੂੰ ਮੈਜਿਸਟ੍ਰੇਟ ਪੱਧਰ ਦੀਆਂ ਤਾਕਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਦਸਤਿਆਂ ਨੂੰ ਦਿੱਤੇ ਗਏ ਵਾਹਨਾਂ ’ਤੇ 360 ਡਿਗਰੀ ਕੈਮਰੇ ਲੱਗੇ ਹੋਏ ਹਨ ਅਤੇ ਕੈਮਰਿਆਂ ਦਾ ਸੰਪਰਕ ਚੋਣ ਕਮਿਸ਼ਨ ਦੇ ਮੁਹਾਲੀ ਸਥਿਤ ਸੂਬਾਈ ਦਫ਼ਤਰ ਨਾਲ ਜੁੜਿਆ ਹੋਇਆ ਹੈ।
ਚੋਣ ਨਿਗਰਾਨ ਦਸਤਿਆਂ ਵੱਲੋਂ ਸਰਕਾਰੀ ਜਾਇਦਾਦਾਂ ’ਤੇ ਲਾਈ ਗਈ ਪ੍ਰਚਾਰ ਸਮੱਗਰੀ ਅਤੇ ਸੜਕਾਂ ਕਿਨਾਰੇ ਲੱਗੇ ਬੋਰਡ ਉਤਾਰਨ ਦੀ ਭੂਮਿਕਾ ਵੀ ਨਿਭਾਈ ਜਾ ਰਹੀ ਹੈ। ਸਥਾਨਕ ਹਲਕੇ ’ਚ ਇੱਕ ਦਸਤੇ ਦੇ ਮੁਖੀ ਕੇਵਲ ਕੁਮਾਰ ਨੇ ਦੱਸਿਆ ਕਿ ਉਹ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਨ, ਘਰ-ਘਰ ਚੋਣ ਪ੍ਰਚਾਰ ਕਰਨ ਅਤੇ ਗਲੀ-ਮੁਹੱਲਿਆਂ ’ਚ ਹੋਣ ਵਾਲੀਆਂ ਮੀਟਿੰਗਾਂ ਲਈ ਮਿੱਥੀ ਗਿਣਤੀ ਦੀ ਪਾਲਣਾ ਨੂੰ ਵੀ ਯਕੀਨੀ ਬਣਾ ਰਹੇ ਹਨ। ਭੂਗੋਲਿਕ ਸਥਿਤੀ ਅਨੁਸਾਰ ਇਹ ਦਸਤੇ ਵਾਰੋ-ਵਾਰੀ ਹਰ ਸਬ-ਡਿਵੀਜ਼ਨ ਅਧੀਨ ਆਉਂਦੇ ਥਾਣਿਆਂ ਦੀ ਹੱਦਬੰਦੀ ਅਨੁਸਾਰ ਚੌਵੀ ਘੰਟੇ ਆਪਣੀ ਭੂਮਿਕਾ ਨਿਭਾ ਰਹੇ ਹਨ।
ਗਿਣਤੀ ਪੱਖੋਂ ਇਨ੍ਹਾਂ ਚੋਣ ਨਿਗਰਾਨ ਦਸਤਿਆਂ ’ਚ ਮੁਖੀ ਤੋਂ ਇਲਾਵਾ, ਵਾਹਨ ਚਾਲਕ, ਕੈਮਰਾ ਕੰਟਰੋਲਰ ਅਤੇ ਮਹਿਲਾ/ਪੁਰਸ਼ ਤਿੰਨ ਪੁਲੀਸ ਕਰਮੀ ਸ਼ਾਮਲ ਹੁੰਦੇ ਹਨ। ਇਹ ਦਸਤੇ ਚੋਣ ਕਮਿਸ਼ਨ ਵੱਲੋਂ ਜਾਰੀ ਸੰਪਰਕ ਨੰਬਰਾਂ ’ਤੇ ਲੋਕ ਵੱਲੋਂ ਆਈਆਂ ਸ਼ਿਕਾਇਤਾਂ ਦਾ ਵੀ ਨਬਿੇੜਾ ਕਰ ਰਹੇ ਹਨ ਅਤੇ ਰਿਕਾਰਡ ਰਜਿਸਟਰ ਦੇ ਨਾਲ ਡਿਜੀਟਲ ਡੇਟਾ ਰਾਹੀਂ ਵੀ ਰਿਕਾਰਡ ਰੱਖ ਰਹੇ ਹਨ। ਇੱਥੋਂ ਦੇ ਉਪ ਮੰਡਲ ਮਜਿਸਟ੍ਰੇਟ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਲਾਏ ਗਏ ਜ਼ਾਬਤੇ ਦੀ ਪਾਲਣਾ ਕਰਵਾਉਣ ਲਈ ਚੋਣ ਨਿਗਰਾਨ ਦਸਤਿਆਂ ਦੀ ਵੱਡੀ ਭੂਮਿਕਾ ਹੈ।