ਪੱਤਰ ਪ੍ਰੇਰਕ
ਘਨੌਲੀ, 30 ਜੂਨ
ਇੱਥੇ ਅੱਜ ਬਾਅਦ ਦੁਪਹਿਰ ਕੌਮੀ ਮਾਰਗ ’ਤੇ ਸਥਿਤ ਪਿੰਡ ਅਹਿਮਦਪੁਰ ਦੇ ਫਲਾਈਓਵਰ ’ਤੇ ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਵਾਪਰੇ ਸੜਕ ਹਾਦਸੇ ’ਚ ਐਕਟਿਵਾ ਸਵਾਰ ਚਾਰ ਵਿਅਕਤੀਆਂ ਵਿੱਚੋਂ ਇਕ ਔਰਤ ਸਣੇ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਵਿਕਾਸ ਅਤੇ ਉਸ ਦੀ ਪਤਨੀ ਸੋਨੀਆ ਵਾਸੀ ਨੰਗਲ ਵਜੋਂ ਹੋਈ ਹੈ ਅਤੇ ਜ਼ਖ਼ਮੀ ਹੋਏ ਵਿਅਕਤੀਆਂ ਦੀ ਪਛਾਣ ਸ਼ੰਕਰ ਤੇ ਛਤਰਪਾਲ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਮੌਕੇ ਤੋਂ ਲੰਘ ਰਹੀ ਹਿਮਾਚਲ ਪ੍ਰਦੇਸ਼ ਦੀ ਐਂਬੂਲੈਂਸ ਰਾਹੀਂ ਹਾਈਵੇਅ ਪੈਟਰੋਲਿੰਗ ਪਾਰਟੀ ਘਨੌਲੀ ਦੇ ਜਵਾਨਾਂ ਨੇ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਛਤਰਪਾਲ ਨੇ ਦੱਸਿਆ ਕਿ ਉਹ ਸਰਹੰਦ ਤੋਂ ਨੰਗਲ ਜਾ ਰਹੇ ਸਨ। ਜਦੋਂ ਉਹ ਪਿੰਡ ਅਹਿਮਦਪੁਰ ਦੇ ਫਲਾਈਓਵਰ ’ਤੇ ਪੁੱਜੇ ਤਾਂ ਹਾਦਸਾ ਵਾਪਰ ਗਿਆ।