ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਅਪਰੈਲ
ਪੰਜਾਬ ਸਰਕਾਰ ਨੇ ਪੁਲੀਸ ਵਿਭਾਗ ਦੇ ਮੁਲਾਜ਼ਮਾਂ ਤੇ ਅਧਕਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਿੱਜੀ ਗੱਡੀਆਂ ਉੱਤੇ ਸਾਇਰਨ ਜਾਂ ਹੂਟਰ ਲਗਾਉਣ ਨੂੰ ਗੰਭੀਰਤਾ ਨਾਲ ਲੈਂਦੇ ਨਵਾਂ ਹੁਕਮ ਜਾਰੀ ਕੀਤਾ ਹੈ। ਵਧੀਕ ਡਾਇਰੈਕਟਰ ਜਨਰਲ ਪੁਲੀਸ (ਟਰੈਫਿਕ) ਪੰਜਾਬ ਨੇ ਜ਼ਿਲ੍ਹਾ ਪੁਲੀਸ ਮੁਖੀਆਂ ਅਤੇ ਸਮੂਹ ਕਮਿਸਨਰ ਪੁਲੀਸ ਨੂੰ ਪੱਤਰ ਜਾਰੀ ਕਰਕੇ ਪੁਲੀਸ ਵਿਭਾਗ ਦੇ ਮੁਲਾਜ਼ਮਾਂ ਤੇ ਅਧਕਾਰੀਆਂ ਵੱਲੋਂ ਨਿੱਜੀ ਵਾਹਨਾ ਉੱਤੇ ਸਾਇਰਨ ਜਾਂ ਹੂਟਰ ਦੀ ਵਰਤੋਂ ਨੂੰ ਰੋਕਣ ਲਈ ਹੁਕਮ ਜਾਰੀ ਕੀਤੇ ਗਏ ਹਨ। ਇਸ ਜਾਰੀ ਨਵੇਂ ਹੁਕਮ ਮੁਤਾਬਕ ਜੇ ਪੁਲੀਸ ਵਿਭਾਗ ਦੇ ਕਿਸੇ ਕਰਮਚਾਰੀ ਜਾਂ ਅਧਿਕਾਰੀ ਨੇ ਨਿੱਜੀ ਵਾਹਨਾਂ ਉਤੇ ਸਾਇਰਨ ਜਾਂ ਹੂਟਰ ਲਗਾਏ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੱਤਰ ਵਿੱਚ ਸਪਸ਼ਟ ਕੀਤਾ ਕਿ ਪੁਲੀਸ ਮੁਲਾਜ਼ਮਾਂ, ਅਧਿਕਾਰੀਆਂ ਵੱਲੋਂ ਜਾਂ ਉਨ੍ਹਾਂ ਦੇ ਬੱਚਿਆਂ ਵੱਲੋਂ ਆਪਣੇ ਨਿੱਜੀ ਵਾਹਨਾਂ ਤੇ ਸਾਇਰਨ ਜਾਂ ਹੂਟਰ ਲਗਾਉਣ ਨਾਲ ਆਮ ਲੋਕਾਂ ਨੂੰ ਉਨ੍ਹਾਂ ਦੇ ਹੂਟਰ ਮਾਰਨ ’ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਨਾਲ ਆਵਾਜ਼ ਪ੍ਰਦੂਸ਼ਣ ਵੀ ਪੈਦਾ ਹੁੰਦਾ ਹੈ।