ਖੇਤਰੀ ਪ੍ਰਤੀਨਿਧ
ਪਟਿਆਲਾ, 7 ਮਈ
ਪੰਜਾਬ ਸਰਕਾਰ ਵੱਲੋਂ ਸ਼ਾਮਲਾਟ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਵਿੱਢੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ, ਜਿਸ ਦੌਰਾਨ ਪਿਛਲੇ ਦੋ ਦਿਨਾਂ ’ਚ ਹੀ ਪੰਜਾਬ ਭਰ ਵਿੱਚੋਂ 90 ਏਕੜ ਤੋਂ ਵੱਧ ਪੰਚਾਇਤੀ ਜ਼ਮੀਨ ਨਾਜਾਇਜ਼ ਕਬਜ਼ਿਆਂ ਹੇਠੋਂ ਛੁਡਵਾਈ ਗਈ ਹੈ। ਇਹ ਗੱਲਾਂ ਅੱਜ ਇਥੇ ਸਰਕਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਹੀਆਂ। ਉਨ੍ਹਾਂ ਦੱਸਿਆ ਕਿ 5 ਅਤੇ 6 ਮਈ ਨੂੰ ਛੁਡਵਾਈ ਗਈ ਇਸ ਜ਼ਮੀਨ ’ਚੋਂ 60 ਏਕੜ ਰਕਬਾ ਇਕੱਲੇ ਪਟਿਆਲਾ ਜ਼ਿਲ੍ਹੇ ਦਾ ਹੈ, ਜਦਕਿ ਬਾਕੀ ਵਿੱਚੋਂ 12 ਏਕੜ ਜ਼ਿਲ੍ਹਾ ਹੁਸ਼ਿਆਰਪੁਰ ਤੇ 21.2 ਏਕੜ ਰਕਬਾ ਜ਼ਿਲ੍ਹਾ ਫ਼ਾਜ਼ਿਲਕਾ ਨਾਲ ਸਬੰਧਤ ਹੈ।
ਪੰਚਾਇਤ ਮੰਤਰੀ ਨੇ ਦੱਸਿਆ ਕਿ ਕਈ ਕਾਬਜ਼ਕਾਰਾਂ ਨੇ ਬਕਾਇਆ ਚਕੋਤਾ ਵੀ ਭਰ ਦਿੱਤਾ ਹੈ। ਇੱਕ ਅੰਦਾਜ਼ੇ ਅਨੁਸਾਰ ਹੁਣ ਤੱਕ ਢਾਈ ਅਰਬ ਦੀ ਜ਼ਮੀਨ ਸਰਕਾਰ ਕੋਲ ਵਾਪਸ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸੈਂਕੜੇ ਏਕੜ ਹੋਰ ਜ਼ਮੀਨ ਕਬਜ਼ਾ ਮੁਕਤ ਕਰਵਾਈ ਜਾਵੇਗੀ, ਜਿਸ ਵਿੱਚ 319 ਏਕੜ ਜ਼ਮੀਨ ਪਟਿਆਲਾ ਜ਼ਿਲ੍ਹੇ ਦੀ ਸ਼ਾਮਲ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੇ ਇੱੱਕ ਪ੍ਰਮੁੱਖ ਸਿਆਸੀ ਆਗੂ ਦੇ ਕਬਜ਼ੇ ਹੇਠੋਂ ਵੀ ਸ਼ਾਮਲਾਟ ਜ਼ਮੀਨ ਛੁਡਵਾਏ ਜਾਣ ਦੇ ਸੰਕੇਤ ਦਿੱਤੇ ਹਨ। ਪਿਛਲੇ ਸਮੇਂ ਦੌਰਾਨ ਫੰਡਾਂ ਦੀ ਹੋਈ ਗ਼ਲਤ ਵਰਤੋਂ ਸਬੰਧੀ ਜਾਂਚ ਕਰਵਾਉਣ ਦੀ ਗੱਲ ਕਰਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਆਪਣੇ 75 ਸਾਲਾਂ ਦਾ ਹਿਸਾਬ ਦੇਣ ਤੇ ‘ਆਪ’ ਸਰਕਾਰ ਆਪਣੇ ਪਿਛਲੇ ਕੁਝ ਦਿਨਾਂ ਦਾ ਹਿਸਾਬ ਦੇਵੇਗੀ।