ਕੁਲਦੀਪ ਸਿੰਘ
ਚੰਡੀਗੜ੍ਹ, 25 ਚੰਡੀਗੜ੍ਹ
ਪੰਜਾਬ ਯੂਨੀਵਰਸਿਟੀ ਦੇ ਸੈਨੇਟਰ ਪ੍ਰੋ. ਤਰੁਣ ਘਈ ਨੇ ਯੂਨੀਵਰਸਿਟੀ ਅਧੀਨ ਆਉਂਦੇ ਐੱਸਪੀਐੱਨ ਕਾਲਜ, ਮੁਕੇਰੀਆਂ (ਹੁਸ਼ਿਆਰਪੁਰ) ਵਿੱਚ ਪ੍ਰਿੰਸੀਪਲ ਦੀ ਭਰਤੀ ਨੂੰ ਗਲਤ ਅਤੇ ਨਿਯਮਾਂ ਤੋਂ ਉਲਟ ਜਾ ਕੇ ਹੋਈ ਦੱਸਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਭਰਤੀ ਰਾਹੀਂ ਲੱਖਾਂ ਰੁਪਇਆਂ ਦਾ ਘਪਲਾ ਹੋਇਆ ਹੈ। ਉਨ੍ਹਾਂ ਨੇ ’ਵਰਸਿਟੀ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਭਰਤੀ ਨੂੰ ਚੁਣੌਤੀ ਦਿੱਤੀ ਹੈ। ਪ੍ਰੋ. ਘਈ ਨੇ ਦੱਸਿਆ ਕਿ ਐੱਸਪੀਐੱਨ ਕਾਲਜ, ਮੁਕੇਰੀਆਂ ਵਿੱਚ ਪ੍ਰਿੰਸੀਪਲ ਸਮੀਰ ਸ਼ਰਮਾ ਦੀ ਭਰਤੀ ਮਾਮਲੇ ’ਚ ਪੰਜਾਬ ਯੂਨੀਵਰਸਿਟੀ, ਡੀਪੀਆਈ ਕਾਲਜਾਂ ਪੰਜਾਬ ਅਤੇ ਕਾਲਜ ਮੈਨੇਜਮੈਂਟ ਵੱਲੋਂ ਯੂਜੀਸੀ, ਪੰਜਾਬ ਸਰਕਾਰ ਅਤੇ ਪੰਜਾਬ ਯੂਨੀਵਰਸਿਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਕਾਲਜ ਪ੍ਰਿੰਸੀਪਲ ਬਣਨ ਲਈ ਯੂਜੀਸੀ ਰੈਗੂਲੇਸ਼ਨ 2010 ਅਨੁਸਾਰ ਕਾਲਜ ਅਧਿਆਪਕ ਦਾ ਐਸੋਸੀਏਟ ਪ੍ਰੋਫੈਸਰ ਹੋਣਾ ਜ਼ਰੂਰੀ ਹੈ ਅਤੇ ਇਸ ਲਈ ਯੂਨੀਵਰਸਿਟੀ ਦੀ ਚੋਣ ਕਮੇਟੀ ਵੱਲੋਂ ਅਧਿਆਪਕ ਨੂੰ ਐਸੋਸੀਏਟ ਪ੍ਰੋਫੈਸਰ ਦੀ ਮਨਜ਼ੂਰੀ ਮਿਲੀ ਹੋਣੀ ਚਾਹੀਦੀ ਹੈ। ਸਮੀਰ ਸ਼ਰਮਾ ਨੇ 2001 ਵਿੱਚ ਡੀਏਵੀ ਕਾਲਜ ਜਲੰਧਰ ਬਤੌਰ ਲੈਕਚਰਾਰ ਜੁਆਇਨ ਕੀਤਾ। ਇਸ ਬਾਰੇ ਪੜਤਾਲ ਕੀਤੀ ਗਈ ਕਿ ਸ਼ਰਮਾ ਯੂਨੀਵਰਸਿਟੀ ਵੱਲੋਂ ਅਪਰੂਵਡ ਐਸੋਸੀਏਟ ਪ੍ਰੋਫੈਸਰ ਹੈ ਜਾਂ ਨਹੀਂ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਜਿਸ ਦੇ ਅਧੀਨ ਇਹ ਕਾਲਜ ਆਉਂਦਾ ਹੈ, ਦੇ 24 ਜੂਨ 2020 ਦੇ ਪੱਤਰ ਤੋਂ ਸਪੱਸ਼ਟ ਹੁੰਦਾ ਹੈ ਕਿ ਸਮੀਰ ਸ਼ਰਮਾ ਨੂੰ ਯੂਨੀਵਰਸਿਟੀ ਵੱਲੋਂ ਅੱਜ ਤੱਕ ਅਸਿਸਟੈਂਟ ਪ੍ਰੋਫ਼ੈਸਰ ਦੀ ਵੀ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਸਮੀਰ ਸ਼ਰਮਾ 22 ਜਨਵਰੀ 2021 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਖ਼ਲ ਕਰਦਾ ਹੈ ਕਿ ਉਸ ਨੂੰ ਐਸੋਸੀਏਟ ਪ੍ਰੋਫੈਸਰ ਦਾ ਗਰੇਡ ਦਿੱਤਾ ਜਾਵੇ। ਇਸ ਤੋਂ ਸਾਫ ਹੈ ਕਿ ਜਿਸ ਵਿਅਕਤੀ ਨੇ 2021 ਵਿੱਚ ਅਦਾਲਤ ਤੋਂ ਐਸੋਸੀਏਟ ਪ੍ਰੋਫੈਸਰ ਦਾ ਗਰੇਡ ਮੰਗਿਆ ਹੋਵੇ, ਉਸ ਨੇ ਅਰਜ਼ੀ ਦੇਣ ਵੇਲੇ ਅਤੇ ਇੰਟਰਵਿਊ ’ਤੇ ਐਸੋਸੀਏਟ ਪ੍ਰੋਫੈਸਰ ਦੇ ਫਰਜ਼ੀ ਕਾਗਜ਼ ਪੇਸ਼ ਕੀਤੇ ਹੋਣਗੇ।
ਪ੍ਰੋ. ਘਈ ਨੇ ਕਿਹਾ ਕਿ ਸਮੀਰ ਸ਼ਰਮਾ ਹੁਣ ਤੱਕ ਸਰਕਾਰ ਤੋਂ ਲਗਪਗ 32 ਲੱਖ ਰੁਪਏ ਤਨਖਾਹ ਵਜੋਂ ਲੈ ਚੁੱਕਾ ਹੈ। ਇਸ ਸਬੰਧੀ ਉਨ੍ਹਾਂ ਨੇ ਸਕੱਤਰ ਉੱਚ ਸਿੱਖਿਆ ਤੇ ਚਾਂਸਲਰ ਪੰਜਾਬ ਯੂਨੀਵਰਸਿਟੀ ਨੂੰ ਸਾਰੇ ਦਸਤਾਵੇਜ਼ ਨੱਥੀ ਕਰ ਕੇ ਭੇਜ ਦਿੱਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਪੂਰੇ ਮਾਮਲੇ ਵਿੱਚ ਵਾਈਸ ਚਾਂਸਲਰ ਦਫ਼ਤਰ, ਚੋਣ ਕਮੇਟੀ ਦੇ ਮੈਂਬਰ ਅਤੇ ਕਾਲਜ ਮੈਨੇਜਮੈਂਟ ਦੀ ਮਿਲੀਭੁਗਤ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਇਸ ਘਪਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਨਿਯਮਾਂ ਮੁਤਾਬਕ ਹੋਈ ਭਰਤੀ: ਪ੍ਰਿੰਸੀਪਲ
ਪ੍ਰਿੰਸੀਪਲ ਸਮੀਰ ਸ਼ਰਮਾ ਅਤੇ ਐੱਸਪੀਐੱਨ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਾਜਨ ਮੱਕੜ ਦਾ ਕਹਿਣਾ ਹੈ ਕਿ ਇਹ ਭਰਤੀ ਯੂਨੀਵਰਸਿਟੀ ਅਤੇ ਡੀਪੀਆਈ ਦੀ ਚੋਣ ਕਮੇਟੀ ਵੱਲੋਂ ਨਿਯਮਾਂ ਮੁਤਾਬਕ ਕੀਤੀ ਗਈ ਹੈ।