ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 29 ਨਵੰਬਰ
ਸਥਾਨਕ ਰਣਜੀਤ ਐਵੇਨਿਊ ਵਿੱਚ ਪਿਛਲੇ ਮਹੀਨੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਬਾਊਂਸਰ ਜਗਰੂਪ ਸਿੰਘ ਉਰਫ਼ ਜੱਗਾ ਪੁੱਤਰ ਸਮੁੰਦਾ ਸਿੰਘ ਵਾਸੀ ਨੰਗਲੀ ਭੱਠਾ ਦੇ ਕਾਤਲਾਂ ਵਿੱਚੋਂ ਸੁਖਵਿੰਦਰ ਸਿੰਘ ਉਰਫ ਸੁਖ ਦਾਤਾਰ ਸਿੰਘ ਵਾਸੀ ਪਲਾਹ ਸਿੰਘ ਰੋਡ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਲੈਂਸਰ ਕਾਰ ਵੀ ਬਰਾਮਦ ਹੋਈ ਹੈ। ਥਾਣਾ ਰਣਜੀਤ ਐਵੇਨਿਊ ਦੇ ਮੁਖੀ ਐੱਸਆਈ ਰੋਬਿਨ ਹੰਸ ਨੇ ਦੱਸਿਆ ਕਿ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੁਖਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਧਾਰਾ 307 ਅਤੇ ਐੱਨ.ਡੀ.ਪੀ.ਐੱਸ ਐਕਟ ਤਹਿਤ ਚਾਰ ਕੇਸ ਦਰਜ ਹਨ। ਉਹ 5 ਸਾਲ ਦੀ ਸਜ਼ਾ ਕੱਟ ਕੇ ਆਇਆ ਹੈ। ਪੁਲੀਸ ਅਨੁਸਾਰ ਮੁਲਜ਼ਮ ਦਾ ਰਿਮਾਂਡ ਹਾਸਲ ਕਰ ਕੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾਣਗੇ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਸੀ।