ਨਿੱਜੀ ਪੱਤਰ ਪ੍ਰੇਰਕ
ਨਾਭਾ, 6 ਸਤੰਬਰ
ਨਾਬਾਲਗ ਲੜਕੀ ਨੂੰ ਵਰਗਲਾਉਣ ਅਤੇ ਉਸ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਸਦਰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਬੂਟਾ ਸਿੰਘ (32) ਦੀ ਪੁਲੀਸ ਹਿਰਾਸਤ ’ਚ ਮੌਤ ਹੋ ਗਈ। ਪੁਲੀਸ ਮੁਤਾਬਕ ਮ੍ਰਿਤਕ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।
ਇਸ ਸਬੰਧੀ ਸਦਰ ਥਾਣੇ ਦੇ ਮੁਖੀ ਪਰਿਆਂਸ਼ੂ ਸਿੰਘ ਨੇ ਦੱਸਿਆ ਕਿ ਫੈਜ਼ਗੜ੍ਹ ਵਾਸੀ ਬੂਟਾ ਸਿੰਘ ਨੂੰ ਕੱਲ੍ਹ ਰੇਲਵੇ ਸਟੇਸ਼ਨ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਨਾਬਾਲਗ ਲੜਕੀ ਨੂੰ ਲੈ ਕੇ ਫ਼ਰਾਰ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਐਫਆਈਆਰ ਮੁਤਾਬਕ ਲੜਕੀ ਪਿਛਲੇ ਛੇ ਦਿਨਾਂ ਤੋਂ ਲਾਪਤਾ ਸੀ। ਲੜਕੀ ਅਤੇ ਉਸ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ’ਤੇ ਬੂਟਾ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਨਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਫੋਰਸ, ਧਰਨਾ ਡਿਊਟੀ ਸਬੰਧੀ ਪਟਿਆਲਾ ਗਈ ਹੋਈ ਸੀ। ਥਾਣੇ ਦੀ ਹਵਾਲਾਤ ਵਿੱਚ ਬੰਦ ਬੂਟਾ ਸਿੰਘ ਨੇ ਕਿਸੇ ਤਰ੍ਹਾਂ ਸਲਾਖਾਂ ਵਿਚੋਂ ਦੀ ਬਾਹਰ ਪਿਆ ਪਰਨਾ ਅੰਦਰ ਖਿੱਚ ਲਿਆ। ਹਵਾਲਾਤ ਦੇ ਅੰਦਰ ਕੋਈ ਹੁੱਕ ਜਾਂ ਪੱਖਾ ਨਾ ਹੋਣ ਕਾਰਨ ਮੁਲਜ਼ਮ ਨੇ ਸਲਾਖਾਂ ਨਾਲ ਹੀ ਪਰਨਾ ਬੰਨ੍ਹ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਮੁਖੀ ਨੇ ਕਿਹਾ ਕਿ ਮੁਲਜ਼ਮ ਨਾਲ ਕਿਸੇ ਪ੍ਰਕਾਰ ਦੀ ਕੁੱਟਮਾਰ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਇਸ ਮੌਕੇ ਐੱਸਐੱਸਪੀ ਪਟਿਆਲਾ ਦੀਪਕ ਪਾਰਿਖ ਨੇ ਵੀ ਥਾਣੇ ਦਾ ਦੌਰਾ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਨੇ ਕਿਹਾ ਕਿ ਮਾਮਲੇ ਦੀ ਨਿਆਂਇਕ ਜਾਂਚ ਹੋਵੇਗੀ।