ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਮਈ
ਇੱਥੋਂ ਦੀ ਪੁਲੀਸ ਨੇ ਅੱਜ ਇੱਕ ਮੁਲਜ਼ਮ ਨੂੰ 11 ਪਿਸਤੌਲਾਂ, 25 ਮੈਗਜ਼ੀਨ ਅਤੇ ਤਿੰਨ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਮਿਲੀ ਸੀ ਕਿ ਅਦਿੱਤਿਆ ਕਪੂਰ ਉਰਫ਼ ਮੱਖਣ ਜੇਲ੍ਹ ਅੰਦਰੋਂ ਮੋਬਾਈਲ ਰਾਹੀਂ ਹਰਪ੍ਰੀਤ ਸਿੰਘ ਉਰਫ਼ ਹੈਪੀ ਕੋਲੋਂ ਬਾਹਰੀ ਸੂਬਿਆਂ ਤੋਂ ਨਾਜਾਇਜ਼ ਅਸਲਾ ਮੰਗਵਾ ਕੇ ਅੱਗੇ ਸਪਲਾਈ ਕਰਵਾਉਂਦਾ ਹੈ। ਇਸੇ ਤਹਿਤ ਹਰਪ੍ਰੀਤ ਸਿੰਘ ਅੱਜ ਭਾਰੀ ਮਾਤਰਾ ਵਿਚ ਅਸਲਾ ਲੈ ਕੇ ਰਾਮਗੜ੍ਹੀਆ ਭਵਨ ਕੋਲ ਖੜ੍ਹਾ ਹੈ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਉੱਥੇ ਜਾ ਕੇ ਹਰਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਉਸ ਕੋਲੋਂ 11 ਪਿਸਤੌਲ, 25 ਮੈਗਜ਼ੀਨ ਅਤੇ ਤਿੰਨ ਕਾਰਤੂਸ ਬਰਾਮਦ ਹੋਏ। ਪੜਤਾਲ ਦੌਰਾਨ ਹਰਪ੍ਰੀਤ ਨੇ ਦੱਸਿਆ ਕਿ ਉਹ ਇਹ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਅਤੇ ਅੱਗੇ ਅੰਮ੍ਰਿਤਸਰ ਦੇ ਕਿਸੇ ਵਿਅਕਤੀ ਨੂੰ ਦੇਣਾ ਸੀ। ਪੁਲੀਸ ਅਨੁਸਾਰ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਨੌਜਵਾਨ ਚਾਰ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ
ਫ਼ਰੀਦਕੋਟ (ਜਸਵੰਤ ਜੱਸ): ਫ਼ਰੀਦਕੋਟ ਪੁਲੀਸ ਨੇ ਸਾਦਿਕ ਨੇੜਿਓਂ ਇੱਕ ਨੌਜਵਾਨ ਨੂੰ ਚਾਰ ਵਿਦੇਸ਼ੀ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕਰਮਜੀਤ ਸਿੰਘ ਵਾਸੀ ਕੇਹਰ ਸਿੰਘ ਵਾਲਾ (ਫ਼ਿਰੋਜ਼ਪੁਰ) ਵਜੋਂ ਹੋਈ ਹੈ। ਪੁਲੀਸ ਨੇ ਉਸ ਕੋਲੋਂ ਆਸਟਰੇਲੀਆ ਤੇ ਬ੍ਰਾਜ਼ੀਲ ਦੇ ਬਣੇ ਤਿੰਨ ਪਿਸਤੌਲ, ਅਮਰੀਕਾ ਵਿੱਚ ਤਿਆਰ ਹੋਇਆ ਇਕ ਰਿਵਾਲਵਰ ਅਤੇ 21 ਕਾਰਤੂਸ ਬਰਾਮਦ ਕੀਤੇ ਹਨ। ਐੱਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅਦਾਲਤ ਨੇ ਮੁਲਜ਼ਮ ਨੂੰ ਚਾਰ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।