ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਨਵੰਬਰ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਇਸਤਰੀ ਵਿੰਗ ਦੀ ਸਰਪ੍ਰਸਤ ਤੇ ਸਾਬਕਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਅਤੇ ਅੱਜ ਪਾਰਟੀ ਪ੍ਰਧਾਨ ਹਰਜੀਤ ਕੌਰ ਤਲਵੰਡੀ ਦੀ ਅਗਵਾਈ ਹੇਠ ਮਹਿਲਾ ਵਿੰਗ ਦੇ ਆਗੂਆਂ ਅਤੇ ਕਾਰਕੁਨਾਂ ਦੀ ਮੀਟਿੰਗ ਹੋਈ, ਜਿਸ ਵਿੱਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਮਹਿਲਾ ਆਗੂਆਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਤੇਜ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਖੇਤੀ ਸਬੰਧੀ ਤਿੰਨ ਕਾਨੂੰਨ ਰੱਦ ਹੋਣ ’ਤੇ ਕਿਸਾਨਾਂ ਨੂੰ ਵਧਾਈ ਦਿੱਤੀ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਬਕਾਇਆ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ਜਿਸ ਮੁਤਾਬਕ ਗੁਰਮਿੰਦਰ ਕੌਰ ਢਿੱਲੋਂ ਨੂੰ ਸੀਨੀਅਰ ਮੀਤ ਪ੍ਰਧਾਨ, ਸਵਰਾਜ ਕੌਰ ਘੁੰਮਣ ਨੂੰ ਸਲਾਹਕਾਰ, ਪਰਮਜੀਤ ਕੌਰ ਪ੍ਰਧਾਨ (ਦਿਹਾਤੀ), ਜਸਪ੍ਰੀਤ ਕੌਰ ਮਾਨ ਨੂੰ ਜਨਰਲ ਸਕੱਤਰ ਤੇ ਹਰਜੀਤ ਕੌਰ ਵੜੈਚ ਨੂੰ ਸੀਨੀਅਰ ਮੀਤ ਪ੍ਰਧਾਨ (ਮੁਹਾਲੀ) ਨਿਯੁਕਤ ਕੀਤਾ ਗਿਆ ਹੈ।
ਪਰਮਜੀਤ ਕੌਰ ਗੁਲਸ਼ਨ ਤੇ ਹਰਜੀਤ ਕੌਰ ਤਲਵੰਡੀ ਨੇ ਬਾਦਲ ਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੁਖਬੀਰ ਬਾਦਲ ਦੀ ਪ੍ਰਮੁੱਖਤਾ ਸਿਰਫ਼ ਆਪਹੁਦਰਾਪਣ, ਹੰਕਾਰ ਤੇ ਪੰਥਕ ਸਿਧਾਂਤਾਂ ਨੂੰ ਢਾਹ ਲਾਉਣ ਵਿੱਚ ਹੈ ਅਤੇ ਸਿਰਮੌਰ ਸਿੱਖ ਸੰਸਥਾਵਾਂ ’ਤੇ ਬਾਦਲ ਪਰਿਵਾਰ ਦੇ ਕਬਜ਼ੇ ਕਾਰਨ ਅੱਜ ਇਨ੍ਹਾਂ ਸੰਸਥਾਵਾਂ ਦੇ ਪ੍ਰਬੰਧ ਵਿੱਚ ਨਿਘਾਰ ਆ ਗਿਆ ਹੈ। ਉਨ੍ਹਾਂ ਕਿਹਾ ਖੇਤੀ ਸਬੰਧੀ ਕਾਨੂੰਨਾਂ ਬਾਰੇ ਦੋਹਰੇ ਮਾਪਦੰਡ ਅਪਣਾਉਣ ਕਾਰਨ ਵੀ ਬਾਦਲ ਦਲ ਦਾ ਅਕਸ ਸੂਬੇ ਵਿੱਚ ਖਰਾਬ ਹੋ ਚੁੱਕਾ ਹੈ ਤੇ ਹੁਣ ਪੰਜਾਬ ਦੇ ਵਸਨੀਕ ਬਾਦਲ ਦਲ ਦੇ ਝਾਂਸੇ ਵਿੱਚ ਆਉਣ ਵਾਲੇ ਨਹੀਂ ਹਨ।