ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਇਕਾਈ ਕੁੱਸਾ ਵੱਲੋਂ ਪਿੰਡ ਵਿੱਚ ਕਰਵਾਈ ਗਈ ਕਿਸਾਨ ਮੋਰਚਾ ਫ਼ਤਹਿ ਕਾਨਫ਼ਰੰਸ ’ਚ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਦਿੱਲੀ ਮੋਰਚਾ ਜਿੱਤਣ ਮਗਰੋਂ ਜੰਗ ਨਵੇਂ ਜੋਸ਼ ਨਾਲ ਜਾਰੀ ਹੈ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲਿਆ ਸੰਘਰਸ਼ ਅਸਲ ਵਿੱਚ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਕਿਰਤੀ ਲੋਕਾਂ ਦੇ ਏਕੇ ਦੀ ਜਿੱਤ ਦਾ ਪ੍ਰਤੀਕ ਹੋ ਨਬਿੜਿਆ ਹੈ। ਉਨ੍ਹਾਂ ਕਿਹਾ ਕਿ ਘੋਲ ਦੀ ਵਿਸ਼ੇਸ਼ਤਾ ਇਸ ਗੱਲ ਵਿੱਚ ਹੈ ਕਿ ਇਹ ਸੰਘਰਸ਼ ਪੂੰਜੀਪਤੀ ਘਰਾਣਿਆਂ ਅਤੇ ਸਾਮਰਾਜ ਖ਼ਿਲਾਫ਼ ਲੜਿਆ ਤੇ ਜਿੱਤਿਆ ਗਿਆ। ਉਗਰਾਹਾਂ ਨੇ ਕਿਹਾ, ‘‘ਮੋਦੀ ਸਰਕਾਰ ਨਾਲ ਹਿਸਾਬ-ਕਿਤਾਬ ਕਰ ਕੇ ਆਏ ਹਾਂ ਅਤੇ ਚੰਨੀ ਸਰਕਾਰ ਨਾਲ ਕਰਨਾ ਅਜੇ ਬਾਕੀ ਹੈ ਕਿਉਂਕਿ ਪੰਜਾਬ ਦਾ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ ਤੇ ਪੜ੍ਹੇ-ਲਿਖੇ ਨੌਜਵਾਨਾਂ ਕੋਲੋਂ ਠੇਕੇਦਾਰ ਦਿਹਾੜੀਆਂ ਕਰਵਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਐੱਮਐੱਸਪੀ ਲਈ ਸੰਘਰਸ਼ ਜਾਰੀ ਹੈ ਅਤੇ 15 ਜਨਵਰੀ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਵਿੱਚ ਇਸ ਬਾਰੇ ਵਿਚਾਰ-ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਅੰਦੋਲਨ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ। ਉਗਰਾਹਾਂ ਨੇ ਕਿਹਾ ਕਿ ਟੌਲ ਪਲਾਜ਼ਿਆਂ ਤੋਂ ਮੋਰਚੇ ਉਦੋਂ ਤੱਕ ਨਹੀਂ ਉਠਾਏ ਜਾਣਗੇ, ਜਦੋਂ ਤੱਕ ਪਹਿਲਾਂ ਵਾਲੀਆਂ ਕੀਮਤਾਂ ਬਹਾਲ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਪੂੰਜੀਪਤੀ ਘਰਾਣੇ ਇਕ ਸਾਲ ਵਿੱਚ ਪਿਆ ਘਾਟਾ ਦੁੱਗਣੀ ਫੀਸ ਕਰਕੇ ਵਸੂਲਣਾ ਚਾਹੁੰਦੇ ਹਨ, ਇਸ ਲਈ ਕਿਸਾਨ ਟੌਲ ਪਲਾਜ਼ਿਆਂ ’ਤੇ ਡਟੇ ਰਹਿਣਗੇ। ਕਾਨਫਰੰਸ ਨੂੰ ਜਅਮਰਜੀਤ ਸਿੰਘ ਮਾਣੂੰਕੇ ਤੇ ਹਰਪਾਲ ਸਿੰਘ ਕੁੱਸਾ, ਗੁਰਚਰਨ ਰਾਮਾ, ਬੂਟਾ ਸਿੰਘ ਭਾਗੀਕੇ ਅਤੇ ਕੁਲਦੀਪ ਕੌਰ ਕੁੱਸਾ ਨੇ ਸੰਬੋਧਨ ਕੀਤਾ।
ਪੰਜ ਰੋਜ਼ਾ ਪੱਕੇ ਮੋਰਚਿਆਂ ਲਈ ਤਿਆਰੀਆਂ ਮੁਕੰਮਲ
ਮਾਨਸਾ (ਜੋਗਿੰਦਰ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪੰਜਾਬ ਸਰਕਾਰ ਖ਼ਿਲਾਫ਼ 20 ਦਸੰਬਰ ਤੋਂ ਲਾਏ ਜਾ ਰਹੇ ਪੱਕੇ ਮੋਰਚਿਆਂ ਸਬੰਧੀ ਤਿਆਰੀਆਂ ਮੁਕੰਮਲ ਕਰਨ ਦਾ ਦਾਅਵਾ ਕੀਤਾ ਹੈ। ਯੂਨੀਅਨ ਦੀਆਂ ਮਾਨਸਾ ਤੋਂ ਇਲਾਵਾ ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਸੰਗਰੂਰ, ਪਟਿਆਲਾ ਅਤੇ ਫਿਰੋਜ਼ਪੁਰ ਇਕਾਈਆਂ ਨੇ ਅੱਜ ਸੂਬਾ ਕਮੇਟੀ ਨੂੰ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦੀ ਬਾਕਾਇਦਾ ਸੂਚਨਾ ਭੇਜੀ ਹੈ। ਇਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਸਾਰੇ ਜ਼ਿਲ੍ਹਿਆਂ ਸਮੇਤ ਬਲਾਕ ਕਮੇਟੀਆਂ ਦੀਆਂ ਪੱਕੇ ਮੋਰਚੇ ਸਬੰਧੀ ਮੁੱਢਲੇ ਪ੍ਰਬੰਧਾਂ ਲਈ ਮੀਟਿੰਗਾਂ ਹੋ ਚੁੱਕੀਆਂ ਹਨ।