ਹੁਸ਼ਿਆਰਪੁਰ: ਸਥਾਨਕ ਰੇਲਵੇ ਸਟੇਸ਼ਨ ਦੇ ਟਰੈਕ ’ਤੇ ਖੜ੍ਹੀ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈੱਸ ਦੀ ਏਸੀ ਬੋਗੀ ਨੂੰ ਸ਼ਾਮ ਕਰੀਬ ਪੌਣੇ ਸੱਤ ਵਜੇ ਅਚਾਨਕ ਅੱਗ ਲੱਗ ਗਈ। ਰੇਲਵੇ ਸਟੇਸ਼ਨ ਦੇ ਸਟਾਫ ਵਲੋਂ ਸੂਚਿਤ ਕਰਨ ’ਤੇ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਈ। ਕਾਫ਼ੀ ਮੁਸ਼ੱਕਤ ਉਪਰੰਤ ਅੱਗ ’ਤੇ ਕਾਬੂ ਪਾਇਆ ਗਿਆ। ਖ਼ਬਰ ਲਿਖੇ ਜਾਣ ਤਕ ਅੱਗ ਕਾਰਨ ਹੋਏ ਨੁਕਸਾਨ ਦਾ ਪਤਾ ਨਹੀਂ ਸੀ ਲੱਗ ਸਕਿਆ। ਸੂਚਨਾ ਮਿਲਣ ’ਤੇ ਡੀਐਸਪੀ (ਸਿਟੀ) ਪਲਵਿੰਦਰ ਸਿੰਘ ਅਤੇ ਥਾਣਾ ਸਿਟੀ ਦੇ ਐਸਐਚਓ ਦੇਸ ਰਾਜ ਪੁਲੀਸ ਪਾਰਟੀ ਸਣ ਮੌਕੇ ’ਤੇ ਪਹੁੰਚ ਗਏ। ਸਟੇਸ਼ਨ ਸੁਪਰਡੈਂਟ ਰਾਜਿੰਦਰ ਕੁਮਾਰ ਮੀਨਾ ਨੇ ਦੱਸਿਆ ਕਿ ਏਸੀ ਬੋਗੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ। ਇਹ ਗੱਡੀ ਰਾਤ 10.25 ਵਜੇ ਦਿੱਲੀ ਲਈ ਰਵਾਨਾ ਹੋਣੀ ਸੀ। -ਪੱਤਰ ਪ੍ਰੇਰਕ