ਇਕਬਾਲ ਸਿੰਘ ਸ਼ਾਂਤ
ਲੰਬੀ, 16 ਫਰਵਰੀ
ਢਾਈ ਦਹਾਕਿਆਂ ਤੋਂ ਹਲਕਾ ਲੰਬੀ ਦੀ ਸੀਟ ਜਿੱਤ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਜਗ੍ਹਾ ਲੈਣ ਲਈ ਕਾਂਗਰਸ ਦੇ ਜਗਪਾਲ ਸਿੰਘ ਅਬੁਲਖੁਰਾਣਾ ਅਤੇ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ ਸਿਰ-ਧੜ ਦੀ ਬਾਜ਼ੀ ਲਗਾ ਰਹੇ ਹਨ। ਬਾਦਲ ਛੇਵੀਂ ਵਾਰ ਇੱਥੋਂ ਜਿੱਤਣਾ ਚਾਹੁੰਦੇ ਹਨ। ਹੁਣ ਤੱਕ ਹਲਕੇ ਦੇ ਕਰੀਬ 54 ਫ਼ੀਸਦੀ ਵੋਟਰ ਪ੍ਰਕਾਸ਼ ਸਿੰਘ ਬਾਦਲ ਨਾਲ ਖੜ੍ਹੇ ਰਹੇ ਹਨ। ਗੁਰਮੀਤ ਸਿੰਘ ਖੁੱਡੀਆਂ ਨੂੰ ਉਨ੍ਹਾਂ ਦੇ ਮਰਹੂਮ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਸ਼ਾਨਾਮੱਤੀ ਵਿਰਾਸਤ ਦਾ ਸਹਾਰਾ ਹੈ।
ਕਾਂਗਰਸ ਦੇ ਜਗਪਾਲ ਅਬੁਲਖੁਰਾਣਾ ਦੀ ਮੁਹਿੰਮ ਉਨ੍ਹਾਂ ਦੇ ਮਰਹੂਮ ਪਿਤਾ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲਖੁਰਾਣਾ ਵੱਲੋਂ ਕਰਵਾਏ ਵਿਕਾਸਮਈ ਨੀਤੀਆਂ ’ਤੇ ਚੱਲ ਰਹੀ ਹੈ। ਸਿਆਸੀ ਘੇਰਾਬੰਦੀਆਂ, ਸ਼ਬਦੀ ਤੀਰਾਂ ਵਿਚਕਾਰ ‘ਆਪ’ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੀ ਵਡੇਰੀ ਉਮਰ ਅਤੇ ਪਿੰਡ ਪੱਧਰ ਦੇ ਅਕਾਲੀ ਇੰਚਾਰਜਾਂ ਦੀਆਂ ਮਨਮਾਨੀਆਂ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਅਕਾਲੀ ਦਲ ਰਵਾਇਤੀ ਅੰਦਾਜ਼ ’ਚ ਚੋਣ ਪ੍ਰਚਾਰ ਕਰ ਰਿਹਾ ਹੈ। ਕਾਂਗਰਸ ਅਤੇ ਭਾਜਪਾ ਵੱਲੋਂ ਵੋਟਰਾਂ ਨਾਲ ਜਲਸੇ, ਮੀਟਿੰਗਾਂ ਜਾਰੀ ਹਨ। ਮਾਝਾ ਅਤੇ ਮਾਲਵਾ ਜ਼ੈਲ ’ਤੇ ਆਧਾਰਤ ਹਲਕੇ ’ਚ ਕੁੱਲ 1,64,165 ਵੋਟਾਂ ਹਨ। ਅਸਲ ਜਿੱਤ-ਹਾਰ ਐੱਸਸੀ ਭਾਈਚਾਰੇ ਦੀਆਂ ਕਰੀਬ 98,499 ਵੋਟਾਂ ’ਤੇ ਨਿਰਭਰ ਹੈ। ਐੱਸਸੀ ਭਾਈਚਾਰੇ ਦੇ ਸਮਰਥਨ ਲਈ ਦਲਿਤ ਵਿਹੜਿਆਂ ’ਚ ਵੱਖਰੇ ਚੋਣ ਜਲਸੇ ਕੀਤੇ ਜਾ ਰਹੇ ਹਨ। ਪਿਛਲੇ ਪੰਜ ਸਾਲਾਂ ’ਚ ਨਵੀਆਂ ਬਣੀਆਂ 8,349 ਵੋਟਾਂ ਦੀ ਅਜੋਕੀ ਵਿਚਾਰਧਾਰਾ ਚੋਣ ਨਤੀਜਿਆਂ ’ਤੇ ਪ੍ਰਭਾਵ ਵਿਖਾਏਗੀ। ਸਿਆਸਤ ਦੀ ਹਰ ਵੱਡੀ-ਛੋਟੀ ਅੱਖ ਸੀਨੀਅਰ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਵੱਲ ਹੈ।
ਹਲਕਾ ਲੰਬੀ ’ਚ ਉਨ੍ਹਾਂ ਦੀ ਕਰੀਬ 24-25 ਹਜ਼ਾਰ ਪੱਕੀ ਵੋਟ ਦੱਸੀ ਜਾਂਦੀ ਹੈ। ਉਹ ਕਾਂਗਰਸ ’ਚ ਹੋਣ ਦੇ ਬਾਵਜੂਦ ਸਰਗਰਮ ਸਿਆਸਤ ਤੋਂ ਥੋੜਾ ਪਾਸੇ ਹਨ ਪਰ ਉਨ੍ਹਾਂ ਵਰਕਰਾਂ ਨੂੰ ਕਾਂਗਰਸ ਉਮੀਦਵਾਰ ਦੀ ਹਮਾਇਤ ਦੇ ਨਿਰਦੇਸ਼ ਦਿੱਤੇ ਹਨ। ਚਾਰ ਮਹੀਨੇ ਪਹਿਲਾਂ ਤੱਕ ਕਾਂਗਰਸ ਦੇ ਹਲਕਾ ਇੰਚਾਰਜ ਰਹੇ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਮਹੇਸ਼ਇੰਦਰ ਬਾਦਲ ਦੀ ਘਰ-ਬੈਠਕ ਕਾਫ਼ੀ ਰਾਸ ਆ ਰਹੀ ਹੈ। ਕਈ ਪਿੰਡਾਂ ’ਚ ਉਨ੍ਹਾਂ ਦੇ ਵਰਕਰ ਖੁੱਡੀਆਂ ਨਾਲ ਖੜ੍ਹੇ ਵਿਖਾਈ ਦੇ ਰਹੇ ਹਨ ਅਤੇ ਕਈ ਵਰਕਰ ਅਕਾਲੀ ਦਲ ਨਾਲ ਜੁੜੇ ਹਨ। ਜਦਕਿ ਬਹੁਗਿਣਤੀ ਪਿੰਡਾਂ ’ਚ ਮਹੇਸ਼ਇੰਦਰ ਦੇ ਸਮਰਥਕ ਕਾਂਗਰਸ ਦੇ ਹੱਕ ਵਿਚ ਭੁਗਤਣ ਲਈ ਕਮਰਕੱਸੇ ਕਰੀ ਬੈਠੇ ਹਨ।