ਹਰਜੀਤ ਸਿੰਘ ਪਰਮਾਰ
ਬਟਾਲਾ, 18 ਅਕਤੂਬਰ
ਸਥਾਨਕ ਗੁਰਦਾਸਪੁਰ ਰੋਡ ਸਥਿਤ ਇੱਕ ਨਿੱਜੀ ਹਸਪਤਾਲ ਵਿੱਚੋਂ ਦੋ ਔਰਤਾਂ ਤਿੰਨ ਦਿਨਾਂ ਦੇ ਬੱਚੇ (ਲੜਕੇ) ਨੂੰ ਚੁੱਕ ਕੇ ਲੈ ਗਈਆਂ। ਘਟਨਾ ਬਾਅਦ ਦੁਪਹਿਰ ਦੀ ਹੈ। ਦੱਸਣਯੋਗ ਹੈ ਕਿ ਹਸਪਤਾਲ ਵਿੱਚ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਚੱਲ ਰਿਹਾ। ਮੁੱਖ ਸੜਕ ’ਤੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਸਕੂਟੀ ਸਵਾਰ ਦੋ ਔਰਤਾਂ ਬੱਚੇ ਨੂੰ ਚੁੱਕ ਕੇ ਲਿਜਾਂਦੀਆਂ ਦਿਖਾਈ ਦੇ ਰਹੀਆਂ ਹਨ, ਜਿਨਾਂ ਦੇ ਮੂੰਹ ਢਕੇ ਹੋਏ ਹਨ।
ਅਗਵਾ ਹੋਏ ਬੱਚੇ ਦੀ ਮਾਂ ਗੋਗੀ ਪਤਨੀ ਪ੍ਰਗਟ ਸਿੰਘ ਵਾਸੀ ਪਿੰਡ ਚੀਮਾ ਖੁੱਡੀ ਨੇ ਦੱਸਿਆ ਕਿ ਉਸ ਨੇ ਤਿੰਨ ਦਿਨ ਪਹਿਲਾਂ ਬਟਾਲਾ ਦੇ ਅਕਾਲ ਹਸਪਤਾਲ ਵਿੱਚ ਇੱਕ ਲੜਕੇ ਨੂੰ ਜਨਮ ਦਿੱਤਾ ਸੀ ਤੇ ਉਸ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲਣੀ ਸੀ, ਪਰ ਉਸ ਤੋਂ ਪਹਿਲਾਂ ਹੀ ਦੋ ਔਰਤਾਂ ਆਈਆਂ ਤੇ ਉਨ੍ਹਾਂ ਨੂੰ ਕਿਹਾ ਕਿ ਲੜਕੇ ਨੂੰ ਕੋਈ ਟੀਕਾ ਲਵਾਉਣਾ ਹੈ ਤੇ ਉਹ ਬੱਚੇ ਨੂੰ ਕਮਰੇ ਵਿੱਚੋਂ ਬਾਹਰ ਲੈ ਗਈਆਂ। ਜਦੋਂ ਕਾਫੀ ਦੇਰ ਤੱਕ ਬੱਚੇ ਨੂੰ ਵਾਪਸ ਨਾ ਲਿਆਂਦਾ ਗਿਆ ਤਾਂ ਪਰਿਵਾਰ ਨੇ ਹਸਪਤਾਲ ਦੇ ਸਟਾਫ਼ ਨੂੰ ਬੱਚੇ ਬਾਰੇ ਪੁੱਛਿਆ, ਜਿਸ ਮਗਰੋਂ ਬੱਚੇ ਦੇ ਅਗਵਾ ਹੋਣ ਸਬੰਧੀ ਪਤਾ ਲੱਗਿਆ।
ਹਸਪਤਾਲ ਦੇ ਮਾਲਕ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਵੱਲੋਂ ਉਕਤ ਔਰਤ ਨੂੰ ਛੁੱਟੀ ਦੇ ਦਿੱਤੀ ਗਈ ਸੀ ਤੇ ਪਰਿਵਾਰ ਆਪਣੇ ਘਰ ਜਾਣ ਲਈ ਤਿਆਰ ਸੀ। ਹਸਪਤਾਲ ਵਿੱਚ ਮਾੜੇ ਸੁਰੱਖਿਆ ਪ੍ਰਬੰਧਾਂ ਬਾਰੇ ਉਨ੍ਹਾਂ ਮੰਨਿਆ ਕਿ ਇਮਾਰਤ ਦੇ ਅੰਦਰ ਲੱਗੇ ਸੀਸੀਟੀਵੀ ਕਾਫੀ ਸਮੇਂ ਤੋਂ ਖਰਾਬ ਪਏ ਹਨ ਤੇ ਹਸਪਤਾਲ ਦੇ ਬਾਹਰ ਸੁਰੱਖਿਆ ਗਾਰਡ ਵੀ ਤਾਇਨਾਤ ਨਹੀਂ ਹੈ। ਐੱਸਐੱਸਪੀ ਬਟਾਲਾ ਮੁਖਵਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ।