ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 15 ਸਤੰਬਰ
ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ’ਚ ਪਟਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਘਟਣ ਦੀ ਥਾਂ ਵਧ ਰਹੀਆਂ ਹਨ। ਵਿਜੀਲੈਂਸ ਦੀ ਟੀਮ ਨੇ ਅੱਜ ਮੁੱਲਾਂਪੁਰ ਦੇ ਧੋਤੀ ਵਾਲਾ ਆੜ੍ਹਤੀਏ ਦੇ ਨਾਮ ਤੋਂ ਮਸ਼ਹੂਰ ਵਿਅਕਤੀ ਤੋਂ ਜਿੱਥੇ ਟੈਂਡਰ ਘੁਟਾਲੇ ’ਚ ਪੁੱਛ-ਪੜਤਾਲ ਕੀਤੀ, ਉੱਥੇ ਹੀ ਜਾਅਲੀ ਬਿਲਿੰਗ ਬਾਰੇ ਪੁੱਛਿਆ। ਦੱਸਿਆ ਜਾ ਰਿਹਾ ਹੈ ਕਿ ਇਸ ਆੜ੍ਹਤੀ ਦੇ ਸ਼ੈਲਰ ਤੋਂ ਸਾਰਾ ਬੋਗਸ ਬਿਲਿੰਗ ਦਾ ਕਾਰੋਬਾਰ ਚੱਲਦਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਹਾਲੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਪਾਸਾ ਵੱਟਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਵੇਂ ਜਿਵੇਂ ਜਾਂਚ ਅੱਗੇ ਵੱਧ ਰਹੀ ਹੈ ਕੰਮ ਕੀਤਾ ਜਾ ਰਿਹਾ ਹੈ।
ਵਿਜੀਲੈਂਸ ਦੀ ਟੀਮ ਵੀਰਵਾਰ ਨੂੰ ਮੁੱਲਾਂਪੁਰ ਪੁੱਜੀ। ਇੱਥੇ ਟੀਮ ਨੇ ਧੋਤੀ ਵਾਲਾ ਆੜ੍ਹਤੀ ਦੇ ਨਾਮ ਹੇਠ ਕੰਮ ਕਰਨ ਵਾਲੇ ਸ਼ੈਲਰ ਮਾਲਕ ਨੂੰ ਕਾਬੂ ਕੀਤਾ। ਇੱਥੋਂ ਟੀਮ ਨੂੰ ਲੈਪਟਾਪ ਤੇ ਲੱਖਾਂ ਰੁਪਏ ਦੀ ਨਕਦੀ ਵੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਸ ਲੈਪਟਾਪ ਰਾਹੀਂ ਪੁਲੀਸ ਕਈ ਰਾਜ਼ ਖੋਲ੍ਹ ਸਕਦੀ ਹੈ। ਲੈਪਟਾਪ ਵਿੱਚ ਕਈ ਅਜਿਹੇ ਰਾਜ਼ ਹਨ, ਜੋ ਕਾਂਗਰਸ ਦੇ ਵੱਡੇ ਨੇਤਾਵਾਂ ਦੇ ਭੇਦ ਖੋਲ੍ਹ ਸਕਦੇ ਹਨ। ਇਹ ਆੜ੍ਹਤੀਆ ਜਿੱਥੇ ਸਾਬਕਾ ਮੰਤਰੀ ਦਾ ਖਾਸ ਹੈ, ਉੱਥੇ ਕਾਂਗਰਸ ਦੇ ਵੱਡੇ ਆਗੂ ਕੈਪਟਨ ਸੰਦੀਪ ਸੰਧੂ ਦਾ ਵੀ ਖਾਸਮ ਖਾਸ ਦੱਸਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਪੁੱਛਗਿਛ ਲਈ ਹਿਰਾਸਤ ਵਿੱਚ ਲਏ ਗਏ ਮਨਪ੍ਰੀਤ ਈਸੇੇਵਾਲ ਨਾਲ ਵੀ ਇਸ ਦਾ ਸਬੰਧ ਹੈ।