**ਸਿੱਖਿਆ, ਸਿਹਤ ਅਤੇ ਖੇਤੀ ਖੇਤਰਾਂ ਉੱਤੇ ਦਿੱਤਾ ਜ਼ੋਰ **ਸਰਕਾਰ ਨੇ ਪੰਜ ’ਚੋਂ ਚਾਰ ਗਾਰੰਟੀਆਂ ਪੂਰੀਆਂ ਕਰਨ ਦਾ ਕੀਤਾ ਦਾਅਵਾ **ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਨਾ ਕੀਤਾ ਐਲਾਨ
ਬਜਟ ਦੇ ਮੁੱਖ ਨੁਕਤੇ
- ਸਰਕਾਰ ਨੇ 1.55 ਲੱਖ ਕਰੋੜ ਦਾ ਬਜਟ ਪੇਸ਼ ਕੀਤਾ
- ਪਹਿਲੀ ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ
- ਪਹਿਲੇ ਪੜਾਅ ’ਚ ਬਣਨਗੇ 117 ਮੁਹੱਲਾ ਕਲੀਨਿਕ
- 100 ਸਕੂਲਾਂ ਨੂੰ ‘ਸਕੂਲਜ਼ ਆਫ਼ ਐਮੀਨੈਂਸ’ ਬਣਾਉਣ ਦਾ ਐਲਾਨ
- 45 ਨਵੇਂ ਬੱਸ ਅੱਡੇ ਬਣਨਗੇ, 61 ਅੱਡਿਆਂ ਦਾ ਹੋਵੇਗਾ ਨਵੀਨੀਕਰਨ
- ਪੰਜ ਸਾਲਾਂ ਵਿਚ 16 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਐਲਾਨ
- ‘ਇੱਕ ਵਿਧਾਇਕ ਇੱਕ ਪੈਨਸ਼ਨ’ ਨਾਲ ਹੋਵੇਗੀ 19.53 ਕਰੋੜ ਦੀ ਬੱਚਤ
- ਨੌਜਵਾਨਾਂ ਲਈ ‘ਪੰਜਾਬ ਯੁਵਾ ਉੱਦਮੀ ਪ੍ਰੋਗਰਾਮ’
- ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ
- ਪੰਜਾਬੀ ’ਵਰਸਿਟੀ ਨੂੰ 200 ਕਰੋੜ ਦੇ ਪੈਕੇਜ ਦਾ ਐਲਾਨ
- ਵੇਰਕਾ ’ਚ ਕਵਿੱਕ ਫ੍ਰੀਜ਼ਿੰਗ ਸੈਂਟਰ ਦੀ ਹੋਵੇਗੀ ਸਥਾਪਨਾ
- ਮੁਹਾਲੀ ਦੇ ਪਿੰਡ ਕੁਰੜਾ ਵਿਚ ਆਧੁਨਿਕ ਜੇਲ੍ਹ ਅਤੇ ਜਲ ਭਵਨ ਬਣੇਗਾ
- ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਨਾਮ ਦਾ ਨਵਾਂ ਪ੍ਰੋਜੈਕਟ
- ਪੰਜਾਬ ਸਿੱਖਿਆ ਅਤੇ ਸਿਹਤ ਫ਼ੰਡ ਦੀ ਹੋਵੇਗੀ ਸਥਾਪਨਾ
- ਵਪਾਰੀ ਕਮਿਸ਼ਨ ਦੀ ਸਥਾਪਨਾ ਦਾ ਫ਼ੈਸਲਾ
- ਕਰ ਚੋਰੀ ਰੋਕਣ ਲਈ ‘ਟੈਕਸ ਇੰਟੈਲੀਜੈਂਸ ਯੂਨਿਟ’ ਦੀ ਹੋਵੇਗੀ ਸਥਾਪਨਾ
- ਪਟਿਆਲਾ ਤੇ ਫ਼ਰੀਦਕੋਟ ਲਈ ਦੋ ਸੁਪਰ ਸਪੈਸ਼ਲਿਟੀ ਹਸਪਤਾਲ
ਚਰਨਜੀਤ ਭੁੱਲਰ
ਚੰਡੀਗੜ੍ਹ, 27 ਜੂਨ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਅੱਜ ਮਾਲੀ ਵਰ੍ਹੇ 2022-23 ਲਈ 1,55,859.78 ਕਰੋੜ ਦਾ ਆਪਣਾ ਪਲੇਠਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਦਨ ’ਚ ‘ਜਨਤਾ ਬਜਟ’ ਪੇਸ਼ ਕਰਦਿਆਂ ਸੂਬੇ ਦੇ ਲੋਕਾਂ ’ਤੇ ਟੈਕਸਾਂ ਦਾ ਕੋਈ ਨਵਾਂ ਬੋਝ ਪਾਉਣ ਤੋਂ ਗੁਰੇਜ਼ ਕੀਤਾ। ਡਿਜੀਟਲ ਬਜਟ ਦਾ ਮੁੱਖ ਫੋਕਸ ਸਿੱਖਿਆ, ਸਿਹਤ ਅਤੇ ਖੇਤੀ ’ਤੇ ਰਿਹਾ ਅਤੇ ਪਹਿਲੀ ਜੁਲਾਈ ਤੋਂ ਰਾਜ ਦੇ ਲੋਕਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਤਜਵੀਜ਼ ਰੱਖੀ ਗਈ ਹੈ।
ਚਲੰਤ ਵਰ੍ਹੇ ਦੇ ਬਜਟ ’ਚ 95,378.28 ਕਰੋੜ ਦੀ ਆਮਦਨ ਦਾ ਅਨੁਮਾਨ ਹੈ ਜਦੋਂ ਕਿ 1,55,859 ਕਰੋੜ ਰੁਪਏ ਦਾ ਖਰਚਾ ਤਜਵੀਜ਼ ਕੀਤਾ ਗਿਆ ਹੈ ਜੋ ਲੰਘੇ ਵਿੱਤੀ ਵਰ੍ਹੇ ਦੇ ਮੁਕਾਬਲੇ 14.20 ਫ਼ੀਸਦੀ ਵਾਧਾ ਦਰਸਾਉਂਦਾ ਹੈ। ਬਜਟ ’ਚ ਨਵੇਂ ਚੁੱਕੇ ਜਾਣ ਵਾਲੇ 35050.99 ਕਰੋੜ ਦੇ ਕਰਜ਼ੇ ਸਮੇਤ 1,51,129.27 ਕਰੋੜ ਦੀ ਮਾਲੀਆ ਪ੍ਰਾਪਤੀ ਦਾ ਅਨੁਮਾਨ ਹੈ। ਆਮਦਨ ਵਿਚ 17.08 ਫ਼ੀਸਦੀ ਦੇ ਵਾਧੇ ਦਾ ਅਨੁਮਾਨ ਲਾਇਆ ਗਿਆ ਹੈ।
ਵਿਧਾਨ ਸਭਾ ’ਚ ਪਹਿਲੀ ਦਫ਼ਾ ਪੇਪਰ ਰਹਿਤ ਬਜਟ ਪੇਸ਼ ਕੀਤਾ ਗਿਆ। ਮੋਬਾਈਲ ਐਪ ’ਤੇ ਖੁੱਲ੍ਹਣ ਵਿਚ ਤਕਨੀਕੀ ਦਿੱਕਤ ਹੋਣ ਕਰਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ’ਤੇ ਇਤਰਾਜ਼ ਵੀ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿਚ ਵਿੱਤ ਮੰਤਰੀ ਨੂੰ ਬਜਟ ਪੇਸ਼ ਕਰਨ ਮੌਕੇ ਸ਼ੁੱਭ ਇੱਛਾਵਾਂ ਵੀ ਭੇਟ ਕੀਤੀਆਂ। ਵਿੱਤ ਮੰਤਰੀ ਨੇ ਬਜਟ ਪੇਸ਼ ਕਰਦਿਆਂ ਦੱਸਿਆ ਕਿ ਚਾਲੂ ਮਾਲੀ ਸਾਲ ’ਚ 15,946.37 ਕਰੋੜ ਰੁਪਏ ਦੀ ਰਾਸ਼ੀ ਕਰਜ਼ੇ ਦੀ ਅਦਾਇਗੀ ਵਿਚ ਚਲੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਲੀਆ ਵਧਾਉਣਾ ਅਤੇ ਕਰਜ਼ਾ ਘਟਾਉਣਾ ਮੁੱਖ ਏਜੰਡਾ ਹੈ। ਪਲੇਠੇ ਬਜਟ ’ਚ 26,454 ਮੁਲਾਜ਼ਮਾਂ ਦੀ ਨਵੀਂ ਭਰਤੀ ਅਤੇ ਠੇਕੇ ’ਤੇ ਰੱਖੇ 36 ਹਜ਼ਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਤਜਵੀਜ਼ ਵੀ ਹੈ ਜਿਸ ਲਈ ਕ੍ਰਮਵਾਰ 714 ਕਰੋੜ ਅਤੇ ਅਤੇ 540 ਕਰੋੜ ਰੁਪਏ ਤਜਵੀਜ਼ ਕੀਤੇ ਗਏ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਵਿਗੜਦੇ ਵਿੱਤੀ ਹਾਲਾਤ ਨੂੰ ਕਾਬੂ ਕਰਨਾ ਅਤੇ ਮਾਲੀਆ ਵਧਾ ਕੇ ਕਰਜ਼ੇ ਨੂੰ ਘੱਟ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸੁਚੱਜਾ ਰਾਜ ਪ੍ਰਬੰਧ ਦੇਣਾ ਅਤੇ ਫ਼ਜ਼ੂਲ ਖ਼ਰਚਿਆਂ ਨੂੰ ਠੱਲ੍ਹਣ ’ਤੇ ਵੀ ਫੋਕਸ ਰਹੇਗਾ। ਬਜਟ ਵਿਚ ਸਪੱਸ਼ਟ ਝਲਕਾਰਾ ਕਿਧਰੇ ਵੀ ਨਹੀਂ ਮਿਲਿਆ ਕਿ ਕਰਜ਼ੇ ਦੀ ਪੰਡ ਨੂੰ ਕਿਵੇਂ ਹੌਲੀ ਕੀਤਾ ਜਾਵੇਗਾ। ‘ਆਪ’ ਸਰਕਾਰ ਨੇ ਬਜਟ ’ਚ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ 18 ਸਾਲ ਤੋਂ ਉਪਰ ਦੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣ ਲਈ ਕੋਈ ਪੈਸਾ ਨਹੀਂ ਰੱਖਿਆ ਗਿਆ ਹੈ।
ਚਾਲੂ ਮਾਲੀ ਵਰ੍ਹੇ ਦੌਰਾਨ ਜੀਐੱਸਟੀ ਵਸੂਲੀ ਤੋਂ 27 ਫ਼ੀਸਦੀ ਵਾਧੇ ਨਾਲ 4350 ਕਰੋੜ ਰੁਪਏ ਹੋਰ ਮਿਲਣ ਦਾ ਅਨੁਮਾਨ ਹੈ। ਮਾਲੀਏ ਦੀ ਵੱਡੀ ਆਸ ਆਬਕਾਰੀ ਆਮਦਨ ਤੋਂ ਲਾਈ ਗਈ ਹੈ। 56 ਫ਼ੀਸਦੀ ਵਾਧੇ ਨਾਲ ਆਬਕਾਰੀ ਮਾਲੀਆ 9648 ਕਰੋੜ ਰੁਪਏ ਦੀ ਆਮਦਨ ਤਜਵੀਜ਼ ਕੀਤੀ ਗਈ ਹੈ। ਆਮਦਨ ’ਤੇ ਨਜ਼ਰ ਮਾਰੀਏ ਤਾਂ ਸੂਬੇ ਨੂੰ ਆਪਣੇ ਟੈਕਸਾਂ ਤੋਂ 45,588 ਕਰੋੜ ਦੀ ਵਸੂਲੀ ਅਤੇ ਕੇਂਦਰ ਤੋਂ ਗਰਾਂਟਾਂ ਦੇ ਰੂਪ ਵਿਚ 28,731 ਕਰੋੜ ਰੁਪਏ ਮਿਲਣ ਦਾ ਅਨੁਮਾਨ ਹੈ। ਮੁੱਖ ਖ਼ਰਚ ਵਿਚ 31,172 ਕਰੋੜ ਰੁਪਏ ਤਨਖ਼ਾਹਾਂ ਅਤੇ ਉਜਰਤਾਂ ਲਈ ਰੱਖੇ ਗਏ ਹਨ ਜਦੋਂ ਕਿ 15,146 ਕਰੋੜ ਰੁਪਏ ਪੈਨਸ਼ਨ ਅਤੇ ਸੇਵਾਮੁਕਤੀ ਲਾਭਾਂ ਲਈ ਰਾਖਵੇਂ ਕੀਤੇ ਗਏ ਹਨ। ਬਿਜਲੀ ਸਬਸਿਡੀ ’ਤੇ 15,846 ਕਰੋੜ ਦੇ ਖ਼ਰਚੇ ਦਾ ਅਨੁਮਾਨ ਹੈ। ਪਹਿਲੇ ਬਜਟ ਵਿਚ ਸਕੂਲੀ ਅਤੇ ਉਚੇਰੀ ਸਿੱਖਿਆ ਲਈ 16.27 ਫ਼ੀਸਦੀ ਬਜਟ ਤਜਵੀਜ਼ ਕੀਤਾ ਗਿਆ ਹੈ ਜਦੋਂ ਕਿ ਤਕਨੀਕੀ ਸਿੱਖਿਆ ਬਜਟ ਵਿਚ 47.84 ਫ਼ੀਸਦੀ ਅਤੇ ਮੈਡੀਕਲ ਸਿੱਖਿਆ ਤੇ ਖੋਜ ਦੇ ਬਜਟ ਵਿਚ 56.60 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਸੂਬੇ ਦੇ 100 ਮੌਜੂਦਾ ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਵਜੋਂ ਅਪਗਰੇਡ ਕੀਤਾ ਜਾਵੇਗਾ ਜਿਸ ਲਈ 200 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। 30 ਕਰੋੜ ਰੁਪਏ ਅਧਿਆਪਕਾਂ ਤੇ ਮੁਖੀਆਂ ਦੀ ਸਿਖਲਾਈ ਅਤੇ ਸਰਕਾਰੀ ਸਕੂਲਾਂ ਦੀ ਸਾਂਭ-ਸੰਭਾਲ ਲਈ 123 ਕਰੋੜ ਰੁਪਏ ਰੱਖੇ ਗਏ ਹਨ। 40 ਕਰੋੜ ਰੁਪਏ ਦਾ ਉਪਬੰਧ 560 ਸਰਕਾਰੀ ਸਕੂਲਾਂ ਵਿਚ ਆਧੁਨਿਕ ਡਿਜੀਟਲ ਕਲਾਸ ਰੂਮਾਂ ਦੀ ਸਥਾਪਨਾ ਲਈ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦੀ ਚਾਰਦੀਵਾਰੀ ਅਤੇ ਮੁਰੰਮਤ ਲਈ 424 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਪ੍ਰੀ ਪ੍ਰਾਇਮਰੀ ਤੋਂ ਅੱਠਵੀਂ ਕਲਾਸ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ 23 ਕਰੋੜ ਰੁਪਏ ਖ਼ਰਚੇ ਜਾਣਗੇ। ਐੱਸਸੀ/ਓਬੀਸੀ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਵਜ਼ੀਫ਼ਾ ਸਕੀਮ ਲਈ 146 ਕਰੋੜ ਰੁਪਏ ਅਤੇ ਮਿੱਡ-ਡੇਅ ਮੀਲ ਲਈ 473 ਕਰੋੜ ਰੁਪਏ ਰੱਖੇ ਗਏ ਹਨ।
ਪੰਜਾਬੀ ਯੂਨੀਵਰਸਿਟੀ ਨੂੰ ਮੌਜੂਦਾ ਵਿੱਤੀ ਸੰਕਟ ਤੋਂ ਉਭਾਰਨ ਲਈ 200 ਕਰੋੜ ਰੁਪਏ ਚਲੰਤ ਮਾਲੀ ਵਰ੍ਹੇ ਲਈ ਤਜਵੀਜ਼ ਕੀਤੇ ਗਏ ਹਨ ਅਤੇ 30 ਕਰੋੜ ਦੀ ਲਾਗਤ ਨਾਲ 9 ਜ਼ਿਲ੍ਹਿਆਂ ਦੇ ਸਰਕਾਰੀ ਕਾਲਜਾਂ ਵਿਚ ਲਾਇਬਰੇਰੀਆਂ ਲਈ ਰਾਖਵੇਂ ਰੱਖੇ ਗਏ ਹਨ। ਕਾਲਜਾਂ ਲਈ ਮੁੱਖ ਮੰਤਰੀ ਵਜ਼ੀਫ਼ਾ ਸਕੀਮ ਤਹਿਤ 30 ਕਰੋੜ ਦੀ ਰਾਸ਼ੀ ਅਤੇ ਨਵੇਂ ਸਰਕਾਰੀ ਡਿਗਰੀ ਕਾਲਜਾਂ ਦੀ ਉਸਾਰੀ ਅਤੇ ਸਰਕਾਰੀ ਕਾਲਜਾਂ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਲਈ 95 ਕਰੋੜ ਰੁਪਏ ਰੱਖੇ ਗਏ ਹਨ। ਤਕਨੀਕੀ ਸਿੱਖਿਆ ਲਈ 641 ਕਰੋੜ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਲਈ 25 ਕਰੋੜ ਤਜਵੀਜ਼ ਕੀਤੇ ਗਏ ਹਨ।
ਸਿਹਤ ਖੇਤਰ ਲਈ ਬਜਟ ਵਿਚ 23.80 ਫ਼ੀਸਦੀ ਦੇ ਵਾਧੇ ਨਾਲ 4731 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ ਜਿਸ ਤਹਿਤ 77 ਕਰੋੜ ਰੁਪਏ ਦੀ ਲਾਗਤ ਨਾਲ 117 ਮੁਹੱਲਾ ਕਲੀਨਿਕ ਸਥਾਪਤ ਕੀਤੇ ਜਾਣਗੇ। ਇਨ੍ਹਾਂ ’ਚੋਂ 75 ਮੁਹੱਲਾ ਕਲੀਨਿਕ 15 ਅਗਸਤ ਤੋਂ ਕਾਰਜਸ਼ੀਲ ਹੋ ਜਾਣਗੇ। ਦਿੱਲੀ ਦੀ ਤਰਜ਼ ’ਤੇ ਸੜਕ ਹਾਦਸਿਆਂ ਦੇ ਪੀੜਤਾਂ ਦੇ ਮੁਫ਼ਤ ਇਲਾਜ ਲਈ ‘ਫ਼ਰਿਸ਼ਤੇ’ ਸਕੀਮ ਤਹਿਤ ਸਾਰਾ ਖ਼ਰਚਾ ਸਰਕਾਰ ਚੁੱਕੇਗੀ। ਦੋ ਵਰ੍ਹਿਆਂ ਵਿਚ ਪਟਿਆਲਾ ਅਤੇ ਫ਼ਰੀਦਕੋਟ ਵਿਚ ਦੋ ਸੁਪਰ ਸਪੈਸ਼ਲਿਟੀ ਹਸਪਤਾਲ ਬਣਾਏ ਜਾਣਗੇ।
ਉਦਯੋਗ ਅਤੇ ਵਣਜ ਲਈ 3163 ਕਰੋੜ ਰੁਪਏ, ਉਦਯੋਗਿਕ ਫੋਕਲ ਪੁਆਇੰਟਾਂ ਦੀ ਸੁਰਜੀਤੀ ਵਾਸਤੇ 100 ਕਰੋੜ ਅਤੇ ਉਦਯੋਗਿਕ ਬਿਜਲੀ ਸਬਸਿਡੀ ਲਈ 2503 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰ੍ਹਾਂ ਬਜਟ ਵਿਚ ਆਟੇ ਦੀ ਹੋਮ ਡਲਿਵਰੀ ਵਾਸਤੇ 497 ਕਰੋੜ ਰੁਪਏ ਖ਼ਰਚੇ ਜਾਣ ਦਾ ਅਨੁਮਾਨ ਹੈ। ਪਨਸਪ ਲਈ 350 ਕਰੋੜ ਰੁਪਏ ਦਾ ਬੇਲ ਆਊਟ ਪੈਕੇਜ ਰੱਖਿਆ ਗਿਆ ਹੈ। ‘ਆਪ’ ਸਰਕਾਰ ਵੱਲੋਂ ‘ਪੰਜਾਬ ਸਿੱਖਿਆ ਅਤੇ ਸਿਹਤ ਫ਼ੰਡ’ ਦੀ ਸਥਾਪਨਾ ਕੀਤੀ ਜਾਵੇਗੀ ਜਿਸ ’ਚ ਪਰਵਾਸੀ ਭਾਰਤੀਆਂ ਵੱਲੋਂ ਵਿੱਤੀ ਯੋਗਦਾਨ ਪਾਇਆ ਜਾਵੇਗਾ। ਐਕਸ-ਗ੍ਰੇਸ਼ੀਆ ਸਹਾਇਤਾ ਲਈ 130 ਕਰੋੜ ਅਤੇ ਪੁਲੀਸ ਦੇ ਆਧੁਨਿਕੀਕਰਨ ਲਈ 108 ਕਰੋੜ ਰੁਪਏ ਦਾ ਬਜਟ ’ਚ ਉਪਬੰਧ ਕੀਤਾ ਗਿਆ ਹੈ।
ਸਮਾਜਿਕ ਸੁਰੱਖਿਆ ਪੈਨਸ਼ਨ ਲਈ 4071 ਕਰੋੜ ਦੇ ਫ਼ੰਡ ਰੱਖੇ ਗਏ ਹਨ। ਇਸ ਤੋਂ ਇਲਾਵਾ 361 ਕਰੋੜ ਰੁਪਏ ਸੜਕਾਂ ਦੀ ਮੁਰੰਮਤ, 292 ਕਰੋੜ ਘਰਾਂ ਦੀ ਉਸਾਰੀ, ਚੈੱਕ ਡੈਮਾਂ ਲਈ 20 ਕਰੋੜ ਰੁਪਏ, ਛੱਪੜਾਂ ਦੀ ਸਫ਼ਾਈ ਲਈ 33 ਕਰੋੜ ਰੁਪਏ ਅਤੇ ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਵਾਸਤੇ 189 ਕਰੋੜ ਰੁਪਏ ਰੱਖੇ ਗਏ ਹਨ। ਸੜਕਾਂ ਤੇ ਪੁਲਾਂ ਦੀ ਸਾਂਭ-ਸੰਭਾਲ ਲਈ 2102 ਕਰੋੜ ਰੁਪਏ ਰੱਖੇ ਗਏ ਹਨ ਜਦੋਂ ਕਿ ਸਮਾਰਟ ਸਿਟੀ ਮਿਸ਼ਨ ਲਈ 1131 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ।
ਬਜਟ ’ਤੇ ‘ਦਿੱਲੀ ਮਾਡਲ’ ਦਾ ਪਰਛਾਵਾਂ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਨ ਮੌਕੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ‘ਦਿੱਲੀ ਮਾਡਲ’ ਦਾ ਰੱਜ ਕੇ ਗੁਣਗਾਨ ਕੀਤਾ। ਚੀਮਾ ਨੇ ਵਿਸ਼ੇਸ਼ਣ ਲਾ-ਲਾ ਕੇ ਦਿੱਲੀ ਸਰਕਾਰ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ। ਬਜਟ ’ਤੇ ਵੀ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਛਾਪ ਦੇਖਣ ਨੂੰ ਮਿਲੀ। ਦਰਸ਼ਕ ਗੈਲਰੀ ਵਿਚ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਉਚੇਚੇ ਤੌਰ ’ਤੇ ਹਾਜ਼ਰ ਸਨ।
ਸਿਸੋਦੀਆ ਨੇ ਸੰਗਰੂਰ ਚੋਣ ਨਤੀਜੇ ’ਤੇ ਨਾ ਕੀਤੀ ਟਿੱਪਣੀ
ਚੰਡੀਗੜ੍ਹ: ‘ਆਪ’ ਸਰਕਾਰ ਦੇ ਪਹਿਲੇ ਬਜਟ ਸੈਸ਼ਨ ਦੌਰਾਨ ਬੇਸ਼ੱਕ ਸੰਗਰੂਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਹੋਈ ਹਾਰ ਬਾਰੇ ਕੋਈ ਸਿੱਧਾ ਜ਼ਿਕਰ ਨਹੀਂ ਹੋਇਆ ਪਰ ਫਿਰ ਵੀ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਹਾਰ ਬਾਰੇ ਕੋਈ ਟਿੱਪਣੀ ਦੇਣ ਤੋਂ ਇਨਕਾਰ ਕਰ ਦਿੱਤਾ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨਾਲ ਦੁਪਾਹਿਰ ਦਾ ਖਾਣਾ ਖਾਧਾ। ਸ਼ਾਮ ਸਮੇਂ ਸਾਰੇ ਵਿਧਾਇਕਾਂ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਗਰੁੱਪ ਫੋਟੋ ਖਿਚਵਾਈ।
ਸ਼ਾਇਰੀ ਦਾ ਜਲਵਾ ਗ਼ਾਇਬ ਰਿਹਾ
’ਆਪ’ ਦਾ ਪਲੇਠਾ ਬਜਟ ਪੇਸ਼ ਕਰਨ ਮੌਕੇ ਸ਼ੇਅਰੋ-ਸ਼ਾਇਰੀ ਗ਼ਾਇਬ ਰਹੀ। ਲੰਘੇ ਪੰਜ ਵਰ੍ਹੇ ਬਜਟ ਪੇਸ਼ ਕਰਨ ਮੌਕੇ ਮਨਪ੍ਰੀਤ ਬਾਦਲ ਭਾਰੀ ਲਫ਼ਜ਼ਾਂ ਦੇ ਸਹਾਰੇ ਸ਼ਾਇਰਾਨਾ ਅੰਦਾਜ਼ ਵਿਚ ਬਜਟ ਪੇਸ਼ ਕਰਦੇ ਰਹੇ ਸਨ। ਚੀਮਾ ਨੇ ਬਜਟ ਦੇ ਅਖੀਰ ਵਿਚ ਗੁਰੂ ਗੋਬਿੰਦ ਸਿੰਘ ਦੀ ਬਾਣੀ ਦੀਆਂ ਤੁਕਾਂ ਪੜ੍ਹੀਆਂ। ਉਨ੍ਹਾਂ ਡਾ. ਬੀ ਆਰ ਅੰਬੇਦਕਰ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਵੀ ਯਾਦ ਕੀਤਾ।
ਸੂਬੇ ਨੂੰ ਕਰਜ਼ੇ ਦੇ ਜਾਲ ’ਚ ਸੁੱਟਣ ਲਈ ਵਿਰੋਧੀ ਪਾਰਟੀਆਂ ਜ਼ਿੰਮੇਵਾਰ: ਅਮਨ ਅਰੋੜਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ‘ਆਪ’ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਦੂਰਦਰਸ਼ੀ ਅਤੇ ਪ੍ਰਗਤੀਸ਼ੀਲ ਬਜਟ ਕਰਾਰ ਦਿੱਤਾ ਹੈ, ਜਿਸ ਨਾਲ ਸੂਬੇ ਦਾ ਸਮੁੱਚਾ ਵਿਕਾਸ ਹੋਵੇਗਾ। ਅਰੋੜਾ ਨੇ ਸੂਬੇ ਦੀ ਮਾੜੀ ਵਿੱਤੀ ਹਾਲਤ ਲਈ ਪਿਛਲੀਆਂ ਸਰਕਾਰਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਨ੍ਹਾਂ ਸਰਕਾਰਾਂ ਨੇ ਸਿਰਫ਼ ਲੋਕ ਲੁਭਾਊ ਵਾਅਦਿਆਂ ਨੂੰ ਤਰਜੀਹ ਦਿੱਤੀ ਪਰ ਸੂਬੇ ਦੀ ਆਮਦਨ ਵਧਾਉਣ ਲਈ ਕੋਈ ਕਦਮ ਨਹੀਂ ਚੁੱਕਿਆ, ਇਸ ਲਈ ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਕਰਜ਼ੇ ਦੇ ਜਾਲ ਵਿੱਚ ਸੁੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ 20,384 ਲੋਕਾਂ ਜਿਨ੍ਹਾਂ ’ਚ 27.3 ਫ਼ੀਸਦੀ ਔਰਤਾਂ ਸ਼ਾਮਲ ਸਨ, ਦੇ ਸੁਝਾਵਾਂ ਦੇ ਆਧਾਰ ’ਤੇ ਬਜਟ ਤਿਆਰ ਕੀਤਾ ਗਿਆ ਅਤੇ ਪੇਪਰਲੈੱਸ ਬਜਟ ਵਿਧਾਨ ਸਭਾ ’ਚ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਬਾਵਜੂਦ ‘ਆਪ’ ਸਰਕਾਰ ਨੇ ਹਰ ਵਰਗ ਦਾ ਧਿਆਨ ਰੱਖਦਿਆਂ ਇਕ ਲੋਕ ਪੱਖੀ ਬਜਟ ਦਿੱਤਾ ਹੈ।
ਬਜਟ ਵਿੱਚ ਕਰਜ਼ਾ ਮੁਆਫ਼ੀ ਪੈਕੇਜ ਦਾ ਕੋਈ ਜ਼ਿਕਰ ਨਹੀਂ: ਕਿਸਾਨ ਜਥੇਬੰਦੀਆਂ
ਚੰਡੀਗੜ੍ਹ (ਟਨਸ): ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸੂਬੇ ਦੀ ‘ਆਪ’ ਸਰਕਾਰ ’ਤੇ ਪਲੇਠੇ ਬਜਟ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਉਂਦਿਆਂ ਰੋਸ ਪ੍ਰਗਟਾ ਕੀਤਾ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਬਜਟ ਵਿੱਚ ਨਾ ਤਾਂ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਤੋਂ ਰਾਹਤ ਦਿੱਤੀ ਗਈ ਹੈ ਅਤੇ ਨਾ ਹੀ ਕਿਸਾਨਾਂ ਦੀ ਭਲਾਈ ਲਈ ਕੋਈ ਪੈਕੇਜ ਐਲਾਨਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਪਰ ਸੂਬਾ ਸਰਕਾਰ ਦਾ ਬਜਟ ਖੇਤੀ ਉਦਯੋਗ ਦੀ ਪੈਰਵੀ ਨਹੀਂ ਕਰ ਰਿਹਾ, ਸਗੋਂ ਇਹ ਦਿੱਲੀ ਮਾਡਲ ਦੀ ਨਕਲ ਹੈ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਸਤਬਿੀਰ ਸਿੰਘ ਸੁਲਤਾਨੀ, ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਸਿਰ ਇੱਕ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ ਪਰ ਬਜਟ ਵਿੱਚ ਕਰਜ਼ਾ ਮੁਆਫ਼ੀ ਦੀ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ 11560 ਕਰੋੜ ਰੁਪਏ ਰੱਖੇ ਗਏ ਹਨ, ਜਿਸ ਵਿੱਚ ਸਿਰਫ਼ 6947 ਕਰੋੜ ਸਿਰਫ਼ ਖੇਤੀ ਬਿਜਲੀ ਲਈ ਸਬਸਿਡੀ ਦੇ ਹਨ।
ਮਾਲੀਆ ਕਿੱਥੋਂ ਆਏਗਾ
- ਸੂਬੇ ਦੀ ਟੈਕਸਾਂ ਤੋਂ ਕਮਾਈ: 45,588 ਕਰੋੜ
- ਕੇਂਦਰ ਤੋਂ ਪ੍ਰਾਪਤ ਗਰਾਂਟਾਂ: 28,731 ਕਰੋੜ
- ਗੈਰ ਟੈਕਸਾਂ ਤੋਂ ਆਮਦਨ: 6,304 ਕਰੋੜ
- ਕਰਜ਼ੇ ਦੇ ਰੂਪ ਵਿਚ: 35,051 ਕਰੋੜ
ਕਿੱਥੇ ਜਾਏਗਾ
- ਤਨਖ਼ਾਹਾਂ ਤੇ ਉਜਰਤਾਂ ’ਤੇ ਖਰਚਾ: 31,172 ਕਰੋੜ
- ਪੈਨਸ਼ਨ ਤੇ ਸੇਵਾਮੁਕਤੀ ਲਾਭ: 15,146 ਕਰੋੜ
- ਪੂੰਜੀਗਤ ਖਰਚਾ: 10,981 ਕਰੋੜ
- ਕਰਜ਼ੇ ਦੀਆਂ ਪੇਸ਼ਗੀਆਂ: 1,000 ਕਰੋੜ
- ਵਿਆਜ ਅਦਾਇਗੀਆਂ: 20,122 ਕਰੋੜ
ਖੇਤੀ ਲਈ ਮੁਫ਼ਤ ਬਿਜਲੀ ਜਾਰੀ ਰਹੇਗੀ
ਬਜਟ ਵਿਚ ਚਾਲੂ ਵਰ੍ਹੇ ਲਈ ਖੇਤੀ ਵਾਸਤੇ 11,560 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਜਿਨ੍ਹਾਂ ’ਚੋਂ ਖੇਤੀ ਮੋਟਰਾਂ ਨੂੰ ਮੁਫ਼ਤ ਬਿਜਲੀ ਦੇਣ ਲਈ 6947 ਕਰੋੜ ਰੁਪਏ ਹੋਣਗੇ। ਝੋਨੇ ਦੀ ਸਿੱਧੀ ਬਿਜਾਈ ਵਾਸਤੇ 450 ਕਰੋੜ ਰੁਪਏ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ 200 ਕਰੋੜ ਦੇ ਫ਼ੰਡ ਰੱਖੇ ਗਏ ਹਨ। ਇਸੇ ਤਰ੍ਹਾਂ ਸਹਿਕਾਰਤਾ ਲਈ 1170 ਕਰੋੜ ਰੁਪਏ ਰੱਖੇ ਗਏ ਹਨ।
ਖੁਦਕੁਸ਼ੀ ਪੀੜਤਾਂ ਬਾਰੇ ਬਜਟ ਚੁੱਪ
ਚੰਡੀਗੜ੍ਹ : ‘ਆਪ’ ਸਰਕਾਰ ਦੇ ਬਜਟ ਨੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਕੋਈ ਢਾਰਸ ਨਹੀਂ ਦਿੱਤੀ ਹੈ। ਪਹਿਲਾਂ ਕਰਜ਼ੇ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਤਿੰਨ ਲੱਖ ਰੁਪਏ ਦਿੱਤੇ ਜਾਂਦੇ ਸਨ।
ਨਵੇਂ ਪੰਜਾਬ ਦੇ ਨਕਸ਼ ਘੜੇਗਾ ਬਜਟ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਮੁਕਤ ਬਜਟ ਨੂੰ ਨਵੇਂ ਪੰਜਾਬ ਲਈ ਰੂਪ-ਰੇਖਾ ਉਲੀਕਣ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਵਣਜ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਲਈ ਜਨਤਾ ਦਾ ਬਜਟ ਬਣਾਇਆ ਗਿਆ ਹੈ। ਸਰਕਾਰ ਲੋਕਾਂ ਨਾਲ ਕੀਤੀਆਂ ਸਾਰੀਆਂ ਗਾਰੰਟੀਆਂ ਨੂੰ ਜਲਦੀ ਪੂਰਾ ਕਰੇਗੀ। ਬਜਟ ਸਮੁੱਚੇ ਵਿਕਾਸ, ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਦਾ ਮੰਤਵ ਹਾਸਲ ਕਰਨ ਲਈ ਸੂਬਾ ਸਰਕਾਰ ਦੀ ਵਿਹਾਰਕ ਪਹੁੰਚ ਦਾ ਨਤੀਜਾ ਹੈ। ਇਹ ਬਜਟ ਖੇਤੀਬਾੜੀ, ਸਨਅਤ, ਬੁਨਿਆਦੀ ਢਾਂਚੇ, ਊਰਜਾ, ਸਿੱਖਿਆ, ਸਿਹਤ ਖੇਤਰ ਤੋਂ ਇਲਾਵਾ ਔਰਤਾਂ ਨੂੰ ਵੱਧ ਅਖ਼ਤਿਆਰ ਦੇਣ ਤੇ ਸਮਾਜ ਦੇ ਪਛੜੇ ਵਰਗਾਂ ਦੇ ਬਹੁ-ਪੱਖੀ ਵਿਕਾਸ ਨੂੰ ਯਕੀਨਨ ਹੁਲਾਰਾ ਦੇਵੇਗਾ।
ਚਾਰ ਗਾਰੰਟੀਆਂ ਪੂਰੀਆਂ ਕੀਤੀਆਂ: ਵਿੱਤ ਮੰਤਰੀ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਨ ਮਗਰੋਂ ਦਾਅਵਾ ਕੀਤਾ ਕਿ ਸਰਕਾਰ ਨੇ ਪੰਜ ’ਚੋਂ ਚਾਰ ਗਾਰੰਟੀਆਂ ਅੱਜ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪੰਜਾਬ ਵਿੱਤੀ ਤੌਰ ’ਤੇ ਪੈਰਾਂ ਸਿਰ ਹੋਵੇਗਾ ਤਾਂ ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦੀ ਗਾਰੰਟੀ ਵੀ ਜਲਦੀ ਪੂਰੀ ਕਰ ਦਿੱਤੀ ਜਾਵੇਗੀ। ਚੀਮਾ ਨੇ ਦਾਅਵਾ ਕੀਤਾ ਕਿ ਸਰਕਾਰ ਫ਼ਜ਼ੂਲ ਖ਼ਰਚੇ ਬੰਦ ਕਰ ਰਹੀ ਹੈ ਅਤੇ ਪੁਰਾਣੀ ਸਰਕਾਰ ਨੇ ਜੀਐੱਸਟੀ ਮੁਆਵਜ਼ੇ ਦੇ ਬਦਲ ਵਜੋਂ ਕੋਈ ਉਪਰਾਲੇ ਨਹੀਂ ਕੀਤੇ ਸਨ। ਉਨ੍ਹਾਂ ਸਫ਼ਾਈ ਦਿੱਤੀ ਕਿ ਸਰਕਾਰ ਨੇ ਤਿੰਨ ਮਹੀਨਿਆਂ ਵਿਚ ਹੀ 8 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਪੁਰਾਣੇ ਕਰਜ਼ਿਆਂ ਨੂੰ ਮੋੜਨ ਲਈ ਚੁੱਕਿਆ ਸੀ।
‘ਆਪ’ ਦਾ ਬਜਟ ਆਮ ਲੋਕਾਂ ਨਾਲ ਮਜ਼ਾਕ: ਭਾਜਪਾ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਵਿੱਚ ਮਿਲੀ ਹਾਰ ਮਗਰੋਂ ‘ਆਪ’ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ’ਚ ਆਮ ਲੋਕਾਂ ਦਾ ਮਜ਼ਾਕ ਉਡਾਇਆ ਗਿਆ ਹੈ। ਉਨ੍ਹਾਂ ਕਿਹਾ, ‘ਪੰਜਾਬ ਦੇ ਆਰਥਿਕ ਸੰਕਟ ਬਾਰੇ ਗੱਲ ਕਰਨ ਦੀ ਥਾਂ ਪੰਜਾਬ ਸਰਕਾਰ ਨੇ ਬਜਟ ਵਿੱਚ ਸਿਰਫ਼ ਅੰਕੜਿਆਂ ਦੀ ਖੇਡ ਖੇਡੀ ਹੈ। ਇਹ ਬਜਟ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦੇ ਵਾਅਦੇ ਬਾਰੇ ਚੁੱਪ ਹੈ।’ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਬਜਟ ਨਾਲ ਕਾਰੋਬਾਰੀਆਂ, ਕਿਸਾਨਾਂ ਤੇ ਮੁਲਾਜ਼ਮਾਂ ਸਮੇਤ ਹਰ ਵਰਗ ਨੂੰ ਨਿਰਾਸ਼ਾ ਹੋਈ ਹੈ। ਇਸੇ ਦੌਰਾਨ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਬਜਟ ਨਾ ਸਿਰਫ਼ ਕਾਗਜ਼ ਰਹਿਤ ਹੈ, ਸਗੋਂ ਦਿਸ਼ਾਹੀਣ ਵੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਬਜਟ ਵਿੱਚ ਇਸ ਦਾ ਜ਼ਿਕਰ ਤੱਕ ਨਹੀਂ ਕੀਤਾ।
ਸਰਕਾਰ ਤਬਦੀਲੀ ਦਾ ਦ੍ਰਿਸ਼ਟੀਕੋਣ ਦਿਖਾਉਣ ’ਚ ਫ਼ੇਲ੍ਹ: ਕਾਂਗਰਸ
ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਦਾ ਬਜਟ ‘ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ’ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿੱਚ ਤਬਦੀਲੀ ਦਾ ਆਪਣਾ ਦ੍ਰਿਸ਼ਟੀਕੋਣ ਦਿਖਾਉਣ ਵਿਚ ਫ਼ੇਲ੍ਹ ਰਹੀ ਹੈ। ਚੋਣਾਂ ਤੋਂ ਪਹਿਲਾਂ ਕੀਤੇ ਕਿਸੇ ਵਾਅਦੇ ਨੂੰ ਸਰਕਾਰ ਨੇ ਨਹੀਂ ਛੂਹਿਆ। ਔਰਤਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਬਜਟ ਵਿਚ ਕੋਈ ਜ਼ਿਕਰ ਨਹੀਂ ਹੈ। 300 ਯੂਨਿਟ ਮੁਫ਼ਤ ਬਿਜਲੀ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਇਸ ਬਜਟ ਵਿਚ ਕੁੱਝ ਨਹੀਂ, ਨਾ ਕੋਈ ਸੋਚ, ਨਾ ਕੋਈ ਰੋਡਮੈਪ ਅਤੇ ਨਾ ਹੀ ਕੋਈ ਦਿਸ਼ਾ ਹੈ। ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਪੂਰਤੀ ਲਈ ਬਜਟ ਵਿਚ ਕੋਈ ਰੋਡਮੈਪ ਨਹੀਂ ਦਿਖਾਇਆ ਹੈ। ਆਮਦਨ ਦੇ ਵਸੀਲਿਆਂ ਬਾਰੇ ਵੀ ਕੋਈ ਸੱਚ ਬਜਟ ਵਿੱਚ ਨਹੀਂ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਹਿਲਾਵਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਦੇਣ ਦੀ ਦਿੱਤੀ ਗਾਰੰਟੀ ਨੂੰ ਪੂਰਾ ਕਰਨ ਤੋਂ ਵੀ ਭੱਜ ਗਈ ਹੈ।
ਬਜਟ ਵਿੱਚ ਮਹਿਲਾਵਾਂ ਨਾਲ ਧੋਖਾ: ਚੰਦੂਮਾਜਰਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ‘ਆਪ’ ਨੇ ਪਹਿਲੇ ਬਜਟ ਵਿੱਚ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਜ਼ਿਕਰ ਤੱਕ ਨਾ ਕਰ ਕੇ ਔਰਤਾਂ ਨਾਲ ਧੋਖਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦਾ ਕਰਜ਼ਾ ਮੁਆਫ਼ ਕਰਨ ਬਾਰੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਹੀਂ ਕੀਤਾ ਅਤੇ ਹੁਣ ਭਗਵੰਤ ਮਾਨ ਵੀ ਕੁਝ ਨਹੀਂ ਕਰ ਰਿਹਾ।