ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਮਾਰਚ
ਇਸ ਵਾਰ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਬਹੁਤੇ ਉਮੀਦਵਾਰ ਦੇਖਣ ਨੂੰ ਭਾਵੇਂ ਨਵੇਂ ਅਤੇ ਮਹਿਜ ਪਾਰਟੀ ਦੇ ਹੱਕ ਵਿੱਚ ਵਗੀ ਹਵਾ ਸਦਕਾ ਹੀ ਵਿਧਾਇਕ ਬਣੇ ਜਾਪਦੇ ਹਨ ਪਰ ਅਸਲ ਵਿੱਚ ਇਨ੍ਹਾਂ 92 ਵਿਧਾਇਕਾਂ ਵਿੱਚੋਂ 50 ਵਿਧਾਇਕ ਪਿਛਲੇ ਲੰਬੇ ਸਮੇਂ ਤੋਂ ਲੋਕ ਪੱਖੀ ਸੰਘਰਸ਼ਾਂ ਨਾਲ ਜੁੜੇ ਹੋਏ ਹਨ। ਤਤਕਾਲੀ ਸਰਕਾਰਾਂ ਖ਼ਿਲਾਫ਼ ਸੰਘਰਸ਼ ਦੌਰਾਨ ਉਨ੍ਹਾਂ ਖ਼ਿਲਾਫ਼ ਪੰਜਾਬ ਤੋਂ ਲੈ ਕੇ ਚੰਡੀਗੜ੍ਹ ਤੱਕ ਦੇ ਥਾਣਿਆਂ ਵਿੱਚ ਧਰਨੇ-ਮੁਜ਼ਾਹਰੇ ਕਰਨ ਅਤੇ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਹਨ।
ਪੰਜਾਬ ਸਰਕਾਰ ਖ਼ਿਲਾਫ਼ ਧਰਨੇ ਲਾਉਣ ਦੇ ਦੋਸ਼ ਹੇਠ ਸਭ ਤੋਂ ਵੱਧ ਪੰਜ ਕੇਸ ਬਰਨਾਲਾ ਦੇ ਵਿਧਾਇਕ ਗੁੁਰਮੀਤ ਸਿੰਘ ਮੀਤ ਹੇਅਰ ਖ਼ਿਲਾਫ਼ ਦਰਜ ਹਨ, ਜਿਸ ਵਿੱਚੋਂ ਦੋ ਚੰਡੀਗੜ੍ਹ ਅਤੇ ਤਿੰਨ ਬਠਿੰਡਾ, ਨਵਾਂ ਸ਼ਹਿਰ ਅਤੇ ਤਰਨਤਾਰਨ ਵਿੱਚ ਦਰਜ ਹਨ। ਇਸੇ ਤਰ੍ਹਾਂ ਜ਼ਿਲ੍ਹਾ ਫਰੀਦਕੋਟ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਖ਼ਿਲਾਫ਼ ਥਾਣਾ ਲੰਬੀ, ਕੋਟਕਪੂਰਾ ਵਿੱਚ ਇੱਕ-ਇੱਕ ਅਤੇ ਥਾਣਾ ਤਰਨ ਤਾਰਨ ਵਿੱਚ ਦੋ ਮੁਕੱਦਮੇ ਦਰਜ ਹਨ। ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਖ਼ਿਲਾਫ਼ ਸੜਕ ਰੋਕਣ ਅਤੇ ਧਰਨੇ ਦੇਣ ਸਬੰਧੀ ਚਾਰ ਮੁਕੱਦਮੇ ਦਰਜ ਹਨ, ਜਿਸ ਵਿੱਚ ਨਵਾਂ ਸ਼ਹਿਰ, ਚੰਡੀਗੜ੍ਹ ਅਤੇ ਤਰਨ ਤਾਰਨ ਦੇ 2 ਕੇਸ ਸ਼ਾਮਲ ਹਨ।
ਇਸ ਤਰ੍ਹਾਂ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ 1 ਜਨਵਰੀ, 2020 ਨੂੰ ਨਾਰਥ ਪੁਲੀਸ ਸਟੇਸ਼ਨ ਚੰਡੀਗੜ੍ਹ ਵਿੱਚ ਰੈਲੀ ਕਰਨ ਅਤੇ ਦਫਾ 144 ਤੋੜਨ ਦੀ ਧਾਰਾ ਹੇਠ ਕੇਸ ਦਰਜ ਹੈ।
ਸੀਨੀਅਰ ਆਗੂ ਅਤੇ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਖ਼ਿਲਾਫ਼ ਵੀ ਧਰਨੇ ਮੁਜ਼ਾਹਰੇ ਕਰਨ ਵਰਗੇ ਦੋਸ਼ਾਂ ਹੇਠ ਥਾਣਾ ਲੰਬੀ, ਸੰਗਰੂਰ ਸਿਟੀ, ਕੋਤਵਾਲੀ ਬਠਿੰਡਾ ਅਤੇ ਚੰਡੀਗੜ੍ਹ ਵਿੱਚ ਚਾਰ ਮੁਕੱਦਮੇ ਦਰਜ ਹਨ। ਲੁਧਿਆਣਾ ਪੱਛਮੀ ਤੋਂ ਗੁਰਪ੍ਰੀਤ ਗੋਗੀ ਖ਼ਿਲਾਫ਼ ਰੇਲਵੇ ਪੁਲੀਸ ਵੱਲੋਂ ਸੇਵਾਵਾਂ ਵਿੱਚ ਅੜਿੱਕਾ ਪਾਉਣ ਦਾ ਕੇਸ ਦਰਜ ਹੈ।
ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਥਾਣਾ ਸੁਖਾਨੰਦ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਮੁਜ਼ਾਹਰੇ ਕਰਨ ਤੇ ਕਾਨੂੰਨ ਭੰਗ ਕਰਨ ਵਰਗੇ ਦੋਸ਼ਾਂ ਹੇਠ ਕੇਸ ਦਰਜ ਕੀਤੇ ਗਏ ਜਦੋਂ ਕਿ ਹਲਕਾ ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਖ਼ਿਲਾਫ਼ 2003 ਵਿੱਚ ਚੋਣ ਹਿੰਸਾ ਸਬੰਧੀ ਥਾਣਾ ਲੰਬੀ ’ਚ ਕੇਸ ਦਰਜ ਹੈ, ਹਾਲਾਂਕਿ ਹੁਣ ਪੁਲੀਸ ਨੇ ਇਹ ਕੇਸ ਰੱਦ ਕਰਕੇ ਮਾਮਲਾ ਅਦਾਲਤ ਵਿੱਚ ਭੇਜ ਦਿੱਤਾ ਹੈ। ਹਲਕਾ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਖ਼ਿਲਾਫ਼ ਥਾਣਾ ਫਿਰੋਜ਼ਪੁਰ ਤੇ ਮੱਖੂ ਅਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਖ਼ਿਲਾਫ਼ ਕਰੋਨਾ ਮਹਾਮਾਰੀ ਦੌਰਾਨ ਸਕੂਲ ਦਾ ਗੇਟ ਤੋੜਨ ਸਬੰਧੀ ਕੇਸ ਦਰਜ ਹਨ। ਇਸ ਸਰਕਾਰ ਵਿੱਚ ਸਭ ਤੋਂ ਛੋਟੀ ਉਮਰ ਦੀ ਵਿਧਾਇਕਾ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਖ਼ਿਲਾਫ਼ ਵੀ ਸਾਲ 2020 ਵਿੱਚ ਧਰਨੇ ਮੁਜ਼ਾਹਰੇ ਕਰਨ ਦੇ ਦੋਸ਼ ਹੇਠ ਕੋਤਵਾਲੀ ਸਿਟੀ ਬਠਿੰਡਾ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਇਸੇ ਤਰ੍ਹਾਂ ਸੀਨੀਅਰ ਆਗੂ ਅਤੇ ਸੁਨਾਮ ਦੇ ਅਮਨ ਅਰੋੜਾ ਖ਼ਿਲਾਫ਼ ਚੰਡੀਗੜ੍ਹ ਵਿੱਚ ਧਰਨੇ-ਮੁਜ਼ਾਹਰੇ ਕਰਨ ਸਬੰਧੀ ਦੋ ਕੇਸ ਅਤੇ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਖ਼ਿਲਾਫ਼ ਵੀ ਚੰਡੀਗੜ੍ਹ ਵਿੱਚ ਕੇਸ ਦਰਜ ਹੈ। ਰੂਪਨਗਰ ਤੋਂ ਵਿਧਾਇਕ ਦਿਨੇਸ਼ ਕੁਮਾਰ ਚੱਢਾ ਅਤੇ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਵੀ ਸੰਘਰਸ਼ ਦੀ ਇਸ ਜੰਗ ਵਿੱਚ ਸ਼ਾਮਲ ਰਹੇ ਹਨ।
ਪਹਿਲੀ ਵਾਰ ਵੱਡੀ ਗਿਣਤੀ ’ਚ ਨੌਜਵਾਨ ਬਣੇ ਵਿਧਾਇਕ
ਭਾਵੇਂ ਪਹਿਲੀਆਂ ਸਰਕਾਰਾਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਵੱਡੀ ਉਮਰ ਦੇ ਸਨ ਪਰ ਇਸ ਵਾਰ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਬਹੁਤੇ ਵਿਧਾਇਕ ਨੌਜਵਾਨ ਹਨ। ਭਗਵੰਤ ਮਾਨ ਦੀ ਸਰਕਾਰ ਵਿੱਚ 78 ਵਿਧਾਇਕ ਸੇਵਾਮੁਕਤੀ ਦੀ ਉਮਰ ਤੋਂ ਹੇਠਾਂ ਹਨ, ਜਦੋਂ ਕਿ ਸਿਰਫ 14 ਵਿਧਾਇਕ ਹੀ 60 ਸਾਲ ਦੀ ਉਮਰ ਤੋਂ ਵੱਧ ਹਨ, ਜਿਨ੍ਹਾਂ ਵਿਚ ਸਭ ਤੋਂ ਵੱਡੀ ਉਮਰ ਦੇ ਵਿਧਾਇਕ ਅਟਾਰੀ ਤੋਂ ਜਸਵਿੰਦਰ ਸਿੰਘ 69 ਸਾਲ ਹਨ। ਇਸੇ ਤਰ੍ਹਾਂ ਸਭ ਤੋਂ ਛੋਟੀ ਉਮਰ ਦੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਸਿਰਫ 27 ਸਾਲ ਅਤੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਸਿਰਫ 30 ਸਾਲ ਦੇ ਹਨ। ਇਸ ਤੋਂ ਇਲਾਵਾ ਹਰਜੋਤ ਸਿੰਘ ਬੈਂਸ, ਅਨਮੋਲ ਗਗਨ ਮਾਨ ਮਹਿਜ 31 ਸਾਲ ਅਤੇ ਅੰਮ੍ਰਿਤਪਾਲ ਸਿੰਘ ਸੁਖਾਨੰਦ 32 ਸਾਲ ਦੀ ਉਮਰ ਦੇ ਨੌਜਵਾਨ ਆਗੂ ਹਨ। ਇਸ ਸਰਕਾਰ ਵਿਚ 20 ਵਿਧਾਇਕ 30 ਤੋਂ 40 ਸਾਲ ਦੀ ਉਮਰ ਅਤੇ 32 ਵਿਧਾਇਕ 40 ਤੋਂ 50 ਸਾਲ ਦੀ ਉਮਰ ਦੇ ਹਨ, ਜਦੋਂ ਕਿ 25 ਵਿਧਾਇਕ 50 ਤੋਂ 60 ਸਾਲ ਦੀ ਉਮਰ ਦੇ ਹਨ। ਖ਼ੁਦ ਮੁੱਖ ਮੰਤਰੀ ਭਗਵੰਤ ਮਾਨ 48 ਸਾਲ, ਸੀਨੀਅਰ ਆਗੂ ਅਮਨ ਅਰੋੜਾ 47 ਸਾਲ, ਪ੍ਰੋ. ਬਲਜਿੰਦਰ ਕੌਰ 37 ਸਾਲ ਅਤੇ ਕੁਲਤਾਰ ਸਿੰਘ ਸੰਧਵਾਂ 46 ਸਾਲ ਦੇ ਹਨ।