ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਫਰਵਰੀ
ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਜੇ ਮਾਕਨ ਨੇ ਅੱਜ ਇਥੇ ਦੋਸ਼ ਲਾਇਆ ਕਿ ‘ਆਪ’ ਭਾਜਪਾ ਦੀ ‘ਬੀ’ ਟੀਮ ਹੈ ਤੇ ਲੋਕ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਗਾਰੰਟੀਆਂ ਦੇ ਭੁਲੇਖੇ ਵਿਚ ਨਾ ਆਉਣ। ਸ੍ਰੀ ਮਾਕਨ ਅੱਜ ਇਥੇ ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਲਈ ਆਏ ਸਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਮੇਤ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ 1993 ਤੋਂ ਬਾਅਦ ਬੀਜੇਪੀ ਨੇ ਕਦੇ ਵੀ ਦਿੱਲੀ ’ਚ ਚੋਣ ਨਹੀਂ ਜਿੱਤੀ ਹੈ, ਇਸ ਲਈ ਉਨ੍ਹਾਂ ਆਪ ਦੇ ਰੂਪ ਵਿਚ ਬੀ ਟੀਮ ਤਿਆਰ ਕੀਤੀ ਹੈ। ਉਨ੍ਹਾਂ ਇਸ ਸਬੰਧੀ ਆਪਣੀ ਦਲੀਲ ਵਿਚ ਕਿਹਾ ਕਿ ਆਪ ਦਾ ਗੋਆ ਨਾਲ ਸਬੰਧ ਨਹੀਂ ਹੈ ਪਰ ਉਸਨੇ ਉਥੇ ਭਾਜਪਾ ਨੂੰ ਲਾਹਾ ਦੇਣ ਦੇ ਮੰਤਵ ਨਾਲ ਚੋਣ ਲੜੀ ਹੈ। ਇਸੇ ਤਰ੍ਹਾਂ ਗੁਜਰਾਤ ਵਿਚ ਗਾਂਧੀ ਨਿਗਮ ਚੋਣਾਂ ਵਿੱਚ ਵੀ ‘ਆਪ’ ਨੂੰ ਇਕ ਸੀਟ ਮਿਲੀ ਹੈ, ਪਰ ਉਥੇ ਉਸਨੇ ਕਾਂਗਰਸ ਦੀਆਂ ਵੋਟਾਂ ਨੂੰ ਕੱਟਿਆ ਹੈ, ਜਿਸ ਦਾ ਲਾਹਾ ਭਾਜਪਾ ਨੂੰ ਮਿਲਿਆ ਹੈ।