ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 19 ਅਪਰੈਲ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਜਪੁਰਾ ਵਿੱਚ ਸ਼ਾਮ ਪੰਜ ਵਜੇ ਕੀਤਾ ਜਾਣ ਵਾਲਾ ਰੋਡ ਸ਼ੋਅ ਐਨ ਮੌਕੇ ’ਤੇ ਰੱਦ ਹੋ ਗਿਆ, ਹਾਲਾਂਕਿ ਭਾਰੀ ਮੀਂਹ ਦੌਰਾਨ ਵਰਕਰਾਂ ਦਾ ਵੱਡਾ ਇਕੱਠ ਮੁੱਖ ਮੰਤਰੀ ਨੂੰ ਉਡੀਕਦਾ ਰਿਹਾ। ਰੋਡ ਸ਼ੋਅ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਰਾਜਪੁਰਾ ਵਿੱਚ ਕੀਤੇ ਜਾਣ ਵਾਲੇ ਰੋਡ ਸ਼ੋਅ ਲਈ ਰਵਾਨਾ ਹੋ ਗਏ ਸਨ ਪਰ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਨੇ ਉਨ੍ਹਾਂ ਨੂੰ ਮੀਟਿੰਗ ਲਈ ਸੱਦ ਲਿਆ, ਜਿਸ ਕਾਰਨ ਉਹ ਕਿਸਾਨਾਂ ਦੀ ਮੀਟਿੰਗ ਵਿੱਚ ਰੁੱਝ ਗਏ। ਇਹ ਸੁਨੇਹਾ ਮਿਲਣ ਤੋਂ ਬਾਅਦ ਹਲਕਾ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ‘ਆਪ’ ਆਗੂਆਂ ਨੇ ਵਰਕਰਾਂ ਦੇ ਕਾਫ਼ਲੇ ਨਾਲ ਰੋਡ ਸ਼ੋਅ ਕੱਢਿਆ ਅਤੇ ਡਾ. ਬਲਬੀਰ ਸਿੰਘ ਨੂੰ ਵੋਟ ਪਾਉਣ ਦੀ ਅਪੀਲ ਕੀਤੀ।