ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 5 ਅਪਰੈਲ
ਪਿੰਡ ਬੁੱਢਾ ਬਾਲਾ ਵਿੱਚ ਕੱਲ੍ਹ ਦੋ ਧਿਰਾਂ ਦਰਮਿਆਨ ਗੋਲੀਬਾਰੀ ਦੀ ਘਟਨਾ ਵਿੱਚ ਮਾਰੇ ਗਏ ਇਕ ਧਿਰ ਦੇ ਤਿੰਨ ਵਿਅਕਤੀਆਂ ਦੇ ਘਰ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਫਸੋਸ ਕਰਨ ਪੁੱਜੇ। ਇਹ ਵਿਅਕਤੀ ਪਿੰਡ ਫੁੱਲੜੇ ਦੇ ਵਾਸੀ ਸਨ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਸਿੱਧੂ ਨੇ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਿਆਸੀ ਤੇ ਪ੍ਰਸ਼ਾਸਨਿਕ ਤੌਰ ’ਤੇ ਪੰਜਾਬ ਨੂੰ ਚਲਾਉਣ ਵਿੱਚ ਅਸਮਰੱਥ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਪੰਜਾਬੀਆਂ ਅਤੇ ਆਮ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਇਕ ਪਾਰਟੀ ਵੇਲੇ ਪੰਜਾਬ ਪੁਲੀਸ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਗਈ ਸੀ ਅਤੇ ਹੁਣ ਵਾਲੀ ਸਰਕਾਰ ਵਿੱਚ ਪੁਲੀਸ ਨਾਜਾਇਜ਼ ਕਬਜ਼ਿਆਂ ਵਾਲੀ ਕੰਪਨੀ ਬਣ ਗਈ ਹੈ ਜਿਸ ਦਾ ਸਬੂਤ ਖੇਤਾਂ ਵਿੱਚ ਕੰਮ ਕਰਦੇ ਤਿੰਨ ਵਿਅਕਤੀਆਂ ਨੂੰ ਪੁਲੀਸ ਦੀ ਕਥਿਤ ਛਤਰ ਛਾਇਆ ਹੇਠ ਕਤਲ ਕਰਨ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸੀ, ਜਿਥੇ ਇਕ ਇਕ ਵਿਅਕਤੀ ਉੱਤੇ 50-50 ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਲਈ ਸਬਕ ਲੈਣ ਦਾ ਸਮਾਂ ਹੈ। ਉਨ੍ਹਾਂ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜ ਹੈ ਅਤੇ ਪੰਜਾਬ ਪੁਲੀਸ ਮਾਫ਼ੀਆ ਨੂੰ ਸ਼ਹਿ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਪੰਜਾਬ ਵਿੱਚ ਹਾਲਾਤ ਬਣੇ ਹੋਏ ਹਨ ਇਨ੍ਹਾਂ ਕਰਕੇ ਮੌਜੂਦਾ ਹਾਕਮ ਜ਼ਿਆਦਾ ਦੇਰ ਟਿਕੇ ਨਹੀਂ ਰਹਿਣਗੇ। ਇਸ ਤੋਂ ਪਹਿਲਾਂ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ 10 ਦਿਨਾਂ ਵਿਚ ਰਿਸ਼ਵਤ ਖ਼ਤਮ ਕਰਨ ਦੇ ਹਾਸੋਹੀਣੇ ਦਾਅਵੇ ਕੀਤੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਪੰਜਾਬ ਵਿਚ ਗੱਲਾਂ ਨਾਲ ਨਹੀਂ ਚੱਲੇਗੀ ਸਗੋਂ ਇਸ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ। ਇਸ ਮੌਕੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਸਾਬਕਾ ਵਿਧਾਇਕ ਸੁਨੀਲ ਦਿੱਤੀ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਆਦਿ ਹਾਜ਼ਰ ਸਨ।