ਬੀਰਬਲ ਰਿਸ਼ੀ
ਸ਼ੇਰਪੁਰ, 8 ਮਾਰਚ
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਐਗਜ਼ਿਟ ਪੋਲ ’ਚ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣਨ ਦੀਆਂ ਰਿਪੋਰਟਾਂ ਆਉਣ ਮਗਰੋਂ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਪਿਛਲੀਆਂ ਸਰਕਾਰਾਂ ਹਰ ਲੋਕ ਵਿਰੋਧੀ ਫ਼ੈਸਲੇ ਤੇ ਸਮਝੌਤੇ ਦੀ ਸਮੀਖਿਆ ਕੀਤੀ ਜਾਵੇਗੀ। ਸ੍ਰੀ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜਿਹੇ ਫ਼ੈਸਲਿਆਂ ਦੀ ਨਜ਼ਰਸਾਨੀ ਮੌਕੇ ਆਉਣ ਵਾਲੀਆਂ ਤਕਨੀਕੀ ਮੁਸ਼ਕਿਲਾਂ ਸਬੰਧੀ ਸਪੱਸ਼ਟ ਕਰਦਿਆਂ ਕਿਹਾ ਕਿ ਜੇਕਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦੇ ਫ਼ੈਸਲੇ ਰੱਦ ਕਰ ਸਕਦੇ ਹਨ ਤਾਂ ਫਿਰ ਨਵੀਂ ਬਣਨ ਵਾਲੀ ਸਰਕਾਰ ਨੂੰ ਕੀ ਸਮੱਸਿਆ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਫ਼ੈਸਲੇ ਅਫ਼ਸਰਸ਼ਾਹੀ ਨੇ ਲਾਗੂ ਕਰਨੇ ਹੁੰਦੇ ਹਨ ਜੇਕਰ ਸਰਕਾਰ ਸਖ਼ਤੀ ਨਾਲ ਕੰਮ ਕਰੇ ਤਾਂ ਰਿਸ਼ਵਤਖੋਰੀ ਬੰਦ ਹੋ ਸਕਦੀ ਹੈ।