ਆਤਿਸ਼ ਗੁਪਤਾ
ਚੰਡੀਗੜ੍ਹ, 13 ਮਾਰਚ
ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਵਿਚ ਅੱਜ ਕੀਤੇ ਗਏ ‘ਧੰਨਵਾਦ ਮਾਰਚ’ ਅਤੇ ਰੋਡ ਸ਼ੋਅ ਲਈ ਕਈ ਸਰਕਾਰੀ ਬੱਸਾਂ ਦੀ ਵਰਤੋਂ ਹੋਣ ਤੋਂ ਬਾਅਦ ‘ਆਪ’ ’ਤੇ ਵਿਰੋਧੀ ਧਿਰਾਂ ਨੇ ਨਿਸ਼ਾਨਾ ਸੇਧਿਆ ਹੈ। ਦੱਸਣਯੋਗ ਹੈ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਜਿੱਤ ਤੋਂ ਬਾਅਦ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਅੱਜ ਅੰਮ੍ਰਿਤਸਰ ਵਿੱਚ ‘ਧੰਨਵਾਦ ਮਾਰਚ’ ਰੱਖਿਆ ਹੋਇਆ ਸੀ। ਇਸ ਵਿਚ ਸ਼ਾਮਲ ਹੋਣ ਲਈ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਣੇ ਪੰਜਾਬ ਦੇ ਸਮੂਹ ਵਿਧਾਇਕ ਪੁੱਜੇ ਸਨ। ‘ਧੰਨਵਾਦ ਮਾਰਚ’ ਵਿੱਚ ਪੰਜਾਬ ਭਰ ਤੋਂ ਪਾਰਟੀ ਵਰਕਰਾਂ ਨੂੰ ਲਿਆਉਣ ਲਈ ਪੀਆਰਟੀਸੀ, ਪੰਜਾਬ ਰੋਡਵੇਜ਼, ਪਨਬੱਸ ਦੀਆਂ ਕੁੱਲ 700 ਤੋਂ ਵੱਧ ਬੱਸਾਂ ਦੀ ਵਰਤੋਂ ਕੀਤੀ ਗਈ ਹੈ।
ਇਨ੍ਹਾਂ ’ਤੇ ਆਮ ਆਦਮੀ ਪਾਰਟੀ (ਆਪ) ਦੇ ਝੰਡੇ ਵੀ ਲੱਗੇ ਹੋਏ ਸਨ। ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਸਰਕਾਰੀ ਬੱਸਾਂ ਦੀ ਇਸ ਤਰ੍ਹਾਂ ਵਰਤੋਂ ਸਾਰਾ ਦਿਨ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਰਹੀ। ਲੋਕਾਂ ਤੇ ਵੱਖ-ਵੱਖ ਧਿਰਾਂ ਦੇ ਸਿਆਸੀ ਨੁਮਾਇੰਦਿਆਂ ਨੇ ਪਾਰਟੀ ਵੱਲੋਂ ਨਿੱਜੀ ਸਮਾਗਮ ਲਈ ਸਰਕਾਰੀ ਬੱਸਾਂ ਦੀ ਵਰਤੋਂ ਉਤੇ ਸਵਾਲ ਉਠਾਇਆ ਤੇ ਕਿਹਾ ਕਿ ਇਨ੍ਹਾਂ ਦੀ ਥਾਂ ਪ੍ਰਾਈਵੇਟ ਬੱਸਾਂ ਜਾਂ ਵਾਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜਾਣ ਵਾਲੀਆਂ ਬੱਸਾਂ ਦੀ ਅਦਾਇਗੀ ਬਾਰੇ ਹਾਲੇ ਕੋਈ ਸਪੱਸ਼ਟਤਾ ਨਹੀਂ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ‘ਆਪ’ ਵੱਲੋਂ ਅੰਮ੍ਰਿਤਸਰ ’ਚ ਕੱਢੇ ਜਾ ਰਹੇ ਰੋਡ ਸ਼ੋਅ ਵਿੱਚ ਲੋਕਾਂ ਨੂੰ ਲਿਆਉਣ ਲਈ ਸੈਂਕੜੇ ਸਰਕਾਰੀ ਬੱਸਾਂ ਦੀ ਵਰਤੋਂ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਨਿੱਜੀ ਸਮਾਗਮ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਠੀਕ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਪੈਸਾ ਪਾਰਟੀ ਖ਼ੁਦ ਅਦਾ ਕਰੇ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ‘ਆਪ’ ਨੇ ਵੱਖਰੀਆਂ ਪੈੜਾਂ ਪਾਉਣ ਦੇ ਵਾਅਦੇ ਕੀਤੇ ਹਨ। ਪਰ ਪਾਰਟੀ ਦੇ ਸਮਾਗਮ ਵਿੱਚ ਸਰਕਾਰੀ ਟਰਾਂਸਪੋਰਟ ਦੀ ਵਰਤੋਂ ਤੋਂ ਸਪੱਸ਼ਟ ਹੋ ਗਿਆ ਹੈ ਕਿ ‘ਆਪ’ ’ਤੇ ਹੋਰਾਂ ਪਾਰਟੀਆਂ ’ਚ ਕੋਈ ਫਰਕ ਨਹੀਂ ਹੈ। ‘ਆਪ’ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਲੋਕਾਂ ਵੱਲੋਂ ਨਕਾਰੇ ਹੋਏ ਕੁਝ ਆਗੂ ਹੁਣ ਜਾਣਬੁੱਝ ਕੇ ਇਹ ਮੁੱਦਾ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪੀਆਰਟੀਸੀ ਦੀ ਮੈਨੇਜਿੰਗ ਡਾਇਰੈਕਟਰ ਪਰਨੀਤ ਕੌਰ ਸ਼ੇਰਗਿੱਲ ਨੇ ਕਿਹਾ ਕਿ ਅੰਮ੍ਰਿਤਸਰ ਜਾਣ ਵਾਲੀਆਂ ਬੱਸਾਂ ਦੇ ਬਿੱਲ ਸਰਕਾਰ ਨੂੰ ਭੇਜ ਦਿੱਤੇ ਜਾਣਗੇ ਜਿਨ੍ਹਾਂ ਦੀ ਅਦਾਇਗੀ ਸਰਕਾਰ ਵੱਲੋਂ ਕੀਤੀ ਜਾਵੇਗੀ।
ਕੁਝ ਸਿਆਸੀ ਆਗੂਆਂ ਅਨੁਸਾਰ ‘ਆਪ’ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਤੇ ਜੇਕਰ ਸਾਰੇ ਖਰਚ ਪਾਰਟੀ ਖ਼ੁਦ ਕਰ ਰਹੀ ਹੈ ਤਾਂ ਇਹ ਵਿਵਾਦ ਬੇਲੋੜਾ ਹੈ।
‘ਆਪ’ ਦੇ ਰੋਡ ਸ਼ੋਅ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ
ਮੋਗਾ (ਮਹਿੰਦਰ ਸਿੰਘ ਰੱਤੀਆਂ): ਆਮ ਆਦਮੀ ਪਾਰਟੀ ਵੱਲੋਂ ਸੂਬੇ ’ਚ ਮਿਲੀ ਸ਼ਾਨਦਾਰ ਜਿੱਤ ਮਗਰੋਂ ਅੱਜ ਲੋਕਾਂ ਦਾ ਧੰਨਵਾਦ ਕਰਨ ਲਈ ਅੰਮ੍ਰਿਤਸਰ ਵਿੱਚ ਧੰਨਵਾਦੀ ਮਾਰਚ ਕੀਤਾ ਗਿਆ ਤੇ ਇਸ ਮਾਰਚ ਨੂੰ ਸਫ਼ਲ ਬਣਾਉਣ ਲਈ ਸੂਬੇ ਭਰ ’ਚੋਂ ‘ਆਪ’ ਵਰਕਰਾਂ ਤੇ ਸਮਰਥਕਾਂ ਨੂੰ ਲਿਜਾਣ ਲਈ ਸਰਕਾਰੀ ਬੱਸਾਂ ਵਰਤੀਆਂ ਗਈਆਂ। ਵੱਡੀ ਗਿਣਤੀ ਸਰਕਾਰੀ ਬੱਸਾਂ ਨੂੰ ਧੰਨਵਾਦੀ ਮਾਰਚ ਲਈ ਵਰਤਣ ਕਾਰਨ ਪਿੱਛੇ ਆਮ ਲੋਕ ਨਿੱਜੀ ਬੱਸ ਅਪਰੇਟਰਾਂ ਦੇ ਧੱਕੇ ਚੜ੍ਹੇ ਰਹੇ ਤੇ ਕਈ ਥਾਈਂ ਲੋਕ ਲੰਮਾ ਸਮਾਂ ਬੱਸਾਂ ਦੀ ਉਡੀਕ ਹੀ ਕਰਦੇ ਰਹੇ। ਅੱਜ ਨਿੱਜੀ ਬੱਸਾਂ ਵਾਲਿਆਂ ਦੀ ਚਾਂਦੀ ਬਣ ਗਈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਧੰਨਵਾਦੀ ਮਾਰਚ ਨੂੰ ਸਫ਼ਲ ਬਣਾਉਣ ਦੇ ਉਦੇਸ਼ ਹਿਤ ਪੂਰੇ ਪੰਜਾਬ ’ਚੋਂ ਇਕੱਠ ਕਰਨ ਲਈ ਸਰਕਾਰੀ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸਰਕਾਰੀ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਵੱਡੀ ਗਿਣਤੀ ਬੱਸਾਂ ਵਰਕਰਾਂ ਨੂੰ ਅੰਮ੍ਰਿਤਸਰ ਲਿਜਾਣ ਲਈ ਵਰਤੀਆਂ ਗਈਆਂ । ਸੂਤਰਾਂ ਅਨੁਸਾਰ ਇਸ ਕੰਮ ਲਈ ਰੋਡਵੇਜ਼ ਦੀਆਂ 843 ਬੱਸਾਂ ਲਈਆਂ ਗਈਆਂ ਸਨ। ਹਰ ਵਿਧਾਨ ਸਭਾ ਹਲਕੇ ਲਈ ਘੱਟੋ ਘੱਟ 5 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਮੋਗਾ ਰੋਡਵੇਜ਼ ਡਿਪੂ ਦੀਆਂ 44 ਵਿੱਚੋਂ 40 ਬੱਸਾਂ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਮੋਗਾ ਤੇ ਚਾਰ ਬੱਸਾਂ ਜ਼ਿਲ੍ਹਾ ਫ਼ਿਰੋਜਪੁਰ ਦੇ ਵਿਧਾਨ ਸਭਾ ਹਲਕਾ, ਮਖੂ ਤੋਂ ਵਰਕਰਾਂ ਨੂੰ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋਈਆਂ ਜਿਸ ਕਰਕੇ ਬਹੁਤੇ ਰੂਟਾਂ ’ਤੇ ਅੱਜ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਨਹੀਂ ਚੱਲੀਆਂ। ਇਸ ਕਾਰਨ ਜਿਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਦਿੱਤੀ ਮੁਫ਼ਤ ਸਫ਼ਰ ਦੀ ਸਹੂਲਤ ਤੋਂ ਔਰਤਾਂ ਵਾਂਝੀਆਂ ਰਹੀਆਂ, ਉਥੇ ਹੀ ਲਿੰਕ ਸੜਕਾਂ ’ਤੇ ਵੱਡੀ ਗਿਣਤੀ ਸਵਾਰੀਆਂ ਬੱਸਾਂ ਦੀ ਉਡੀਕ ਕਰਦੀਆਂ ਰਹੀਆਂ। ਪੀਆਰਟੀਸੀ ਤੇ ਰੋਡਵੇਜ਼ ਦੀਆਂ ਬੱਸਾਂ ਨੇ ਸਿਰਫ਼ ’ਆਪ’ ਵਰਕਰ ਹੀ ਢੋਏ। ਨਵਾਂ ਪੰਜਾਬ ਤੇ ਬਦਲਾਅ ਦਾ ਨਾਅਰਾ ਲੈ ਕੇ ਆਈ ‘ਆਪ’ ਦੀ ਇਸ ਕਾਰਗੁਜ਼ਾਰੀ ’ਤੇ ਸਵਾਲ ਉੱਠ ਰਹੇ ਹਨ ਅਤੇ ਸਰਕਾਰੀ ਖਰਚੇ ’ਤੇ ਕੀਤੇ ਗਏ ਇਸ ਵੱਡੇ ਸਿਆਸੀ ਸ਼ੋਅ ਦੀ ਮੁੱਖ ਵਿਰੋਧੀ ਪਾਰਟੀਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਤਿੱਖੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਜੇਤੂ ਵਿਧਾਇਕਾਂ ਦੇ ਬੈਨਰ ਤੇ ਪਾਰਟੀ ਦੇ ਝੰਡੇ ਲਾ ਕੇ ਤੁਰੀਆਂ ਇਨ੍ਹਾਂ ਬੱਸਾਂ ਨੇ ਟੌਲ ਟੈਕਸ ਦੀਆਂ ਪਰਚੀਆਂ ਵੀ ਨਹੀਂ ਕਟਾਈਆਂ।