ਬੀਰਬਲ ਰਿਸ਼ੀ
ਸ਼ੇਰਪੁਰ, 9 ਮਾਰਚ
ਭਾਵੇਂ ਵੋਟਾਂ ਦੀ ਗਿਣਤੀ 10 ਮਾਰਚ ਨੂੰ ਸਵੇਰੇ ਅੱਠ ਵਜੇ ਆਰੰਭ ਹੋਣੀ ਹੈ ਪਰ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂਆਂ ਤੇ ਸਮਰਥਕਾਂ ਵੱਲੋਂ ਅੱਜ ਦੇਰ ਸ਼ਾਮ ਕਈ ਥਾਈਂ ‘ਭਗਵੰਤ ਮਾਨ ਨੂੰ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਨ ’ਤੇ ਲੱਖ-ਲੱਖ ਵਧਾਈਆਂ’ ਦੇ ਬੋਰਡ ਲਗਾ ਕੇ ਨਤੀਜੇ ਆਉਣ ਤੋਂ ਪਹਿਲਾਂ ਹੀ ਹਲਕਾ ਧੂਰੀ ਤੋਂ ‘ਆਪ’ ਪ੍ਰਧਾਨ ਦੀ ਜਿੱਤ ਦੇ ਕੀਤੇ ਜਾ ਰਹੇ ਦਾਅਵਿਆਂ ਤੋਂ ਲੋਕ ਹੈਰਾਨ ਹਨ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਪਰਮਿੰਦਰ ਸਿੰਘ ਪੁਨੂੰ ਕਾਤਰੋਂ, ਪਿੰਡ ਸੁਲਤਾਨਪੁਰ ਦੇ ਸਰਪੰਚ ਗੁਰਦੀਪ ਸਿੰਘ ਤੇ ਹੋਰਨਾਂ ਨੇ ‘ਆਪ’ ਉਮੀਦਵਾਰ ਭਗਵੰਤ ਮਾਨ ਦੇ ਨਾਲ ਆਪਣੀਆਂ ਫੋਟੋਆਂ ਵਾਲੇ ਆਦਮ ਕੱਦ ਬੋਰਡ ਲਗਾ ਦਿੱਤੇ ਹਨ। ਇੱਥੇ ਹੀ ਬੱਸ ਨਹੀਂ ਸਮਰਥਕਾਂ ਵੱਲੋਂ ਵੱਡੀ ਪੱਧਰ ’ਤੇ ਜਿੱਤ ਦੀਆਂ ਤਿਆਰੀਆਂ ਆਰੰਭੀਆਂ ਜਾ ਚੁੱਕੀਆਂ ਹਨ। ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ ਨੇ ਦੱਸਿਆ ਕਿ ਸਵੇਰੇ ਚੋਣ ਨਤੀਜੇ ਦੇਖਣ ਲਈ ਪਿੰਡ ਵਿੱਚ ਵੱਡੀ ਸਕਰੀਨ ਲਗਾਈ ਜਾ ਰਹੀ ਹੈ। ਉਹ ਸੁਲਤਾਨਪੁਰ ਵਿੱਚ 10 ਮਾਰਚ ਨੂੰ ਸਵੇਰੇ ਅੰਮ੍ਰਿਤ ਵੇਲੇ ਹੀ ਕੜਾਹੀ ਚਾੜ੍ਹ ਦੇਣਗੇ ਅਤੇ ਹਲਵਾਈ ਅੱਜ ਰਾਤ ਹੀ ਆਪਣੀਆਂ ਕੜਾਹੀਆਂ-ਖੁਰਚਣੇ ਲੈ ਕੇ ਪਹੁੰਚ ਰਹੇ ਹਨ। ‘ਆਪ’ ਦੇ ਸੂਬਾਈ ਆਗੂ ਪਰਮਿੰਦਰ ਪੁਨੂੰ ਨੇ ਜਿੱਤ ਦੇ ਕਈ ਬੋਰਡ ਅਗਾਊਂ ਲਗਾਏ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਜਿੱਤ ਯਕੀਨੀ ਹੈ, ਜਿਸ ਸਬੰਧੀ ਉਨ੍ਹਾਂ ਅੱਜ ਬੋਰਡ ਲਗਾਏ ਹਨ। ਪਿੰਡ ਕਾਤਰੋਂ ਵਿੱਚ 12 ਵਜੇ ਤੋਂ ਮਗਰੋਂ ਲੱਡੂ ਵੰਡੇ ਜਾਣੇ ਹਨ, ਜਿਸ ਸਬੰਧੀ ਸ਼ੇਰਪੁਰ ਤੋਂ ਹਲਵਾਈ ਤੇ ਉਸ ਦੇ ਕਰਿੰਦੇ ਸਵੇਰੇ ਆ ਜਾਣਗੇ ਅਤੇ ਇਲਾਕੇ ਦੇ ਸਾਰੇ ਪਿੰਡਾਂ ਵਿੱਚ ਹੀ 12 ਵਜੇ ਤੋਂ ਮਗਰੋਂ ਲੱਡੂ ਤੇ ਮਠਿਆਈਆਂ ਵੰਡੇ ਜਾਣ ਦਾ ਕੰਮ ਸ਼ੁਰੂ ਹੋ ਜਾਵੇਗਾ। ਸ੍ਰੀ ਪੁਨੂੰ ਨੇ ਅਗਾਊੁਂ ਰੂਟ ਪਲਾਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਕਈ ਪਿੰਡਾਂ ਦੇ ਸਮਰਥਕਾਂ ਦਾ ਵੱਡਾ ਕਾਫ਼ਲਾ ਜਿੱਤ ਮਗਰੋਂ ਬਰੜਵਾਲ ਤੋਂ ਕਹੇਰੂ, ਬਮਾਲ, ਘਨੌਰ ਖੁਰਦ, ਘਨੌਰ ਕਲਾਂ, ਘਨੌਰੀ ਕਲਾਂ ਹੋ ਕੇ ਹੋਰ ਪਿੰਡਾਂ ਵਿੱਚ ਧੰਨਵਾਦੀ ਮਾਰਚ ਲਈ ਨਿਕਲੇਗਾ।
ਸੂਤਰਾਂ ਅਨੁਸਾਰ ‘ਆਪ’ ਦੀ ਸਰਕਾਰ ਬਣਨ ਦੀ ਸੰਭਾਵਨਾ ਦੇ ਮੱਦੇਨਜ਼ਰ ਅੱਜ ਪੰਜਾਬ ਦੇ ਕਈ ਚੋਣ ਲੜ ਰਹੇ ਉਨ੍ਹਾਂ ਉਮੀਦਵਾਰਾਂ ਨੇ ਪਾਰਟੀ ਪ੍ਰਧਾਨ ਕੋਲ ਆਪਣੀ ਹਾਜ਼ਰੀ ਦਰਜ ਕਰਵਾਈ, ਜਿਹੜੇ ਸਰਕਾਰ ਬਣਨ ਤੋਂ ਪਹਿਲਾਂ ਮੰਤਰੀ ਬਣਨ ਤੱਕ ਸੁਫ਼ਨਾ ਦੇਖ ਚੁੱਕੇ ਹਨ। ਇਸੇ ਦੌਰਾਨ ਇੱਕ ਕਾਂਗਰਸੀ ਆਗੂ ਨੇ ਕਿਹਾ ਕਿ ਐਗਜ਼ਿਟ ਪੋਲ ਦੇ ਮੱਦੇਨਜ਼ਰ ‘ਆਪ’ ਵੱਡਾ ਭਰਮ ਪਾਲ ਬੈਠੀ ਹੈ ਪਰ ਅਸਲ ਨਤੀਜੇ ਕੁੱਝ ਹੋਰ ਹੀ ਹੋਣਗੇ।