ਪੱਤਰ ਪ੍ਰੇਰਕ
ਪਟਿਆਲਾ, 23 ਜੂਨ
ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ (37) ਦਾ ਦੇਹਾਂਤ ਹੋ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ, ਪਿਛਲੇ ਹਫ਼ਤੇ ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਦਾ ਇਲਾਜ ਚੇਨੱਈ ਦੇ ਇਕ ਹਸਪਤਾਲ ਵਿੱਚ ਚੱਲ ਰਿਹਾ ਸੀ, ਜਿਥੇ ਉਨ੍ਹਾਂ ਆਖ਼ਰੀ ਸਾਹ ਲਏ। ਉਨ੍ਹਾਂ ਦਾ ਸਸਕਾਰ ਭਲਕੇ 24 ਜੂਨ ਨੂੰ ਪਟਿਆਲਾ ਦੀਆਂ ਬੀਰ ਜੀ ਦੀਆਂ ਮੜ੍ਹੀਆਂ ਵਿੱਚ ਸਵੇਰੇ 11 ਵਜੇ ਹੋਵੇਗਾ। ਗਗਨਦੀਪ ਸਿੰਘ ਚੱਢਾ ਦੇ ਅਕਾਲ ਚਲਾਣੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ। ਸਿੱਖਿਆ ਮੰਤਰੀ ਮੀਤ ਹੇਅਰ, ਡਾ. ਧਰਮਵੀਰ ਗਾਂਧੀ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।