ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 16 ਫਰਵਰੀ
ਦਿੱਲੀ ਦੀ ਸਾਬਕਾ ਵਿਧਾਇਕਾ ਅਲਕਾ ਲਾਂਬਾ ਨੇ ਅੱਜ ਕਾਂਗਰਸ ਦੇ ਅਮਲੋਹ ਹਲਕੇ ਤੋਂ ਉਮੀਦਵਾਰ ਰਣਦੀਪ ਸਿੰਘ ਨਾਭਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚੋਣਾਂ ਵਿਚ ਪਾਰਟੀ ਵਰਕਰਾਂ ਨੂੰ ਟਿਕਟਾਂ ਦੇਣ ਦੀ ਥਾਂ ਕਰੋੜਾਂ ਰੁਪਏ ਵਿੱਚ ਸਰਮਾਏਦਾਰਾਂ ਨੂੰ ਟਿਕਟਾਂ ਵੇਚ ਦਿੱਤੀਆਂ। ਉਨ੍ਹਾਂ ਇਸ ਪਾਰਟੀ ਨੂੰ ਝੂਠਿਆਂ ਦੀ ਪਾਰਟੀ ਦੱਸਦਿਆਂ ਦੋਸ਼ ਲਾਇਆ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ’ਤੇ ਹੁਕਮ ਚਲਾ ਰਹੀ ਹੈ, ਇਸ ਲਈ ਇਨ੍ਹਾਂ ਤੋਂ ਪੰਜਾਬ ਦੇ ਹੱਕਾਂ ਦੀ ਰਾਖੀ ਦੀ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਸਾਨੀ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਫ਼ਿਲਮੀ ਅਦਾਕਾਰ ਦੀਪ ਸਿੱਧੂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਆਮ ਮੌਤ ਦੀ ਥਾਂ ਗਿਣੀ-ਮਿਥੀ ਸਾਜ਼ਿਸ਼ ਦੱਸਦਿਆਂ ਸੀਬੀਆਈ ਜਾਂਚ ਮੰਗੀ।