ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਵੱਲੋਂ ਪੰਜਾਬੀਆਂ ਅਤੇ ਹਰਿਆਣਾ ਦੇ ਜਾਟਾਂ ਬਾਰੇ ਕੀਤੀ ਟਿੱਪਣੀ ਸਬੰਧੀ ਭਾਜਪਾ ਨੂੰ ਘੇਰਦਿਆਂ ਬਿਪਲਬ ਦੇਬ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਜਿਹੀਆਂ ਫ਼ਿਰਕੂ ਅਤੇ ਨਸਲੀ ਟਿੱਪਣੀਆਂ ਬਿਪਲਬ ਦੇਬ ਦੀ ਹੀ ਨਹੀਂ ਸਗੋਂ ਸਮੁੱਚੀ ਭਾਜਪਾ ਦੀ ਸੋਚ ਦਾ ਪ੍ਰਗਟਾਵਾ ਕਰਦੀਆਂ ਹਨ। ਸ੍ਰੀ ਮਾਨ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਪੰਜਾਬੀਆਂ ਨੇ ਆਪਣਾ ਖ਼ਾਸ ਮੁਕਾਮ ਬਣਾਇਆ ਹੈ। ਜਦੋਂ ਦੇਸ਼ ਆਜ਼ਾਦੀ ਮਗਰੋਂ ਭੁੱਖਮਰੀ ਨਾਲ ਨਾਲ ਜੂਝ ਰਿਹਾ ਸੀ ਤਾਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦੇਸ਼ ਨੂੰ ਅੰਨ ਪੱਖੋਂ ਆਤਮ ਨਿਰਭਰ ਬਣਾਇਆ। ‘ਆਪ’ ਦੇ ਸੂਬਾ ਪ੍ਰਧਾਨ ਨੇ ਭਾਜਪਾ ਹਾਈਕਮਾਨ ਕੋਲੋਂ ਬਿਪਲਬ ਦੇਬ ਨੂੰ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।