ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ, 30 ਜੁਲਾਈ
ਆਮ ਆਦਮੀ ਪਾਰਟੀ ਨੇ ਵਿਵਾਦਾਂ ਵਿੱਚ ਘਿਰੇ ਪੰਜਾਬ ਦੇ ਤਿੰਨ ਮੰਤਰੀਆਂ ਦੀ ਬਰਖਾਸਤਗੀ ਮੰਗੀ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਮੰਤਰੀਆਂ ਨੂੰ ਮੰਤਰੀ ਮੰਡਲ ਵਿੱਚੋਂ ਹਟਾਉਣ ਦੀ ਮੰਗ ਸਬੰਧੀ ‘ਆਪ’ ਦਾ ਵਫ਼ਦ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ। ਪਾਰਟੀ ਦੇ ਵਿਧਾਇਕ ਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਤੇ ਨੌਜਵਾਨ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਕ ਬਿਆਨ ਰਾਹੀਂ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਕਿਹਾ ਕਿ ਕਾਂਗਰਸ ਪ੍ਰਧਾਨ ਸਪੱਸ਼ਟ ਕਰੇ, ਉਹ ਪੰਜਾਬ ਅਤੇ ਦਲਿਤ ਪਰਿਵਾਰਾਂ ਦੇ ਬੱਚਿਆਂ ਨਾਲ ਹਨ ਜਾਂ ਫਿਰ ਭ੍ਰਿਸ਼ਟ ਮੰਤਰੀਆਂ ਨਾਲ। ਆਗੂਆਂ ਨੇ ਕਿਹਾ ਕਿ ਜੇ ਇਨ੍ਹਾਂ ਮੰਤਰੀਆਂ ਖ਼ਿਲਾਫ਼ ਤੁਰੰਤ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਕਾਂਰਗਸੀ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰੇਗੀ।
ਸੁਖਬੀਰ ਤੇ ਅਮਰਿੰਦਰ ਬਿਜਲੀ ਸਮਝੌਤੇ ਰੱਦ ਨਹੀਂ ਕਰਨਗੇ: ਹਰਪਾਲ ਚੀਮਾ
ਪਟਿਆਲਾ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਬਿਜਲੀ ਸਮਝੌਤਿਆਂ ਨੂੰ ਰੱਦ ਕਰਾਉਣ ਲਈ ਨਹੀਂ, ਸਗੋਂ ਕੰਪਨੀਆਂ ਨੂੰ ਹਾਈ ਕੋਰਟ ਵਿੱਚ ਜਾਣ ਲਈ ਉਕਸਾ ਰਹੇ ਹਨ ਕਿਉਂਕਿ ਬਿਜਲੀ ਸਮਝੌਤਿਆਂ ਵਿੱਚ ਪਹਿਲਾਂ ਸੁਖਬੀਰ ਬਾਦਲ ਨੇ ਹਿੱਸੇ ਰੱਖੇ ਤੇ ਅੱਜ ਕੱਲ੍ਹ ਇਨ੍ਹਾਂ ਵਿੱਚ ਅਮਰਿੰਦਰ ਦੇ ਹਿੱਸੇ ਚੱਲ ਰਹੇ ਹਨ। ਸ੍ਰੀ ਚੀਮਾ ਅੱਜ ਇੱਥੇ ਪਾਰਟੀ ਦੇ ਆਗੂ ਕਰਨਵੀਰ ਸਿੰਘ ਟਿਵਾਣਾ ਦੀ ਮਾਂ ਦੇ ਦੇਹਾਂਤ ’ਤੇ ਅਫ਼ਸੋਸ ਕਰਨ ਪੁੱਜੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਵਿਧਾਨ ਸਭਾ ਦੇ ਸੈਸ਼ਨ ਬੁਲਾਵੇ ਤੇ ਬਿਜਲੀ ਸਮਝੌਤੇ ਰੱਦ ਕਰਨ ਜਾਂ ਫਿਰ ਸੋਧਣ ਦੀ ਕਾਰਵਾਈ ਨੂੰ ਅੰਤਿਮ ਰੂਪ ਦੇਵੇ। ਸ੍ਰੀ ਚੀਮਾ ਨੇ ਕਿਹਾ ਕਿ ਨਵਜੋਤ ਸਿੱਧੂ ਕਹਿੰਦਾ ਹੈ ਕਿ ਪੰਜਾਬ ਵਿੱਚੋਂ ਮਾਫ਼ੀਆ ਖ਼ਤਮ ਕਰਨਾ ਪਵੇਗਾ ਪਰ ਅਫ਼ਸੋਸ ਜਿਨ੍ਹਾਂ ਕੋਲ ਨਵਜੋਤ ਸਿੱਧੂ ਸ਼ੁਰੂ ਵਿੱਚ ਗਏ, ਉਨ੍ਹਾਂ ਦੇ ਹੱਥ ਮਾਫ਼ੀਆ ਨਾਲ ਜੁੜੇ ਹੋਏ ਹਨ।