‘ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜਨਵਰੀ
ਪੰਜਾਬ ਵਿੱਚ ਅਗਲੇ ਮਹੀਨੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਪੰਜਾਬ ਨੇ ਪੰਜ ਉਮੀਦਵਾਰਾਂ ਦੀ ਨੌਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ‘ਆਪ’ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਦੇ ਦਸਤਖਤਾਂ ਹੇਠ ਜਾਰੀ ਕੀਤੀ ਗਈ ਹੈ। ਸੂਚੀ ਅਨੁਸਾਰ ਜਲੰਧਰ ਉੱਤਰੀ ਤੋਂ ਦਿਨੇਸ਼ ਢੱਲ, ਸਮਰਾਲਾ ਤੋਂ ਜਗਤਾਰ ਸਿੰਘ, ਸਾਹਨੇਵਾਲ ਤੋਂ ਹਰਦੀਪ ਸਿੰਘ ਮੁੰਡੀਆਂ, ਮੋਗਾ ਤੋਂ ਡਾ. ਅਮਨਦੀਪ ਕੌਰ ਅਰੋੜਾ ਅਤੇ ਬਠਿੰਡਾ ਦਿਹਾਤੀ ਤੋਂ ਅਮਿਤ ਰਤਨ ਕੋਟਫੱਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ‘ਆਪ’ ਵੱਲੋਂ ਹੁਣ ਤੱਕ 109 ਉਮਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਰਹਿੰਦੇ 8 ਉਮੀਦਵਾਰਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਵੀ ਜਲਦੀ ਹੀ ਕਰੇਗੀ।