ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਜੂਨ
‘ਆਪ’ ਨੇ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਫ਼ੈਸਲੇ ਖ਼ਿਲਾਫ਼ ਅੱਜ ਇਥੇ ਰੋਸ ਪ੍ਰਦਰਸ਼ਨ ਕੀਤਾ ਤੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਦੇ ਘਰ ਅੱਗੇ ਸੰਕੇਤਕ ਤੌਰ ’ਤੇ ਡਿਗਰੀਆਂ ਅਤੇ ਸਰਟੀਫਿਕੇਟ ਸਾੜੇ। ਇਸ ਮੌਕੇ ‘ਆਪ’ ਕਾਰਕੁਨਾਂ ਨੇ ਰੋਸ ਮਾਰਚ ਵੀ ਕੱਢਿਆ ਤੇ ਪ੍ਰਸ਼ਾਸਨ ਨੂੰ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਰੋਸ ਪੱਤਰ ਵੀ ਸੌਂਪਿਆ।
ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਭਗਵੰਤ ਕੰਵਲ ਅਤੇ ਜ਼ਿਲ੍ਹਾ ਸਕੱਤਰ ਦੀਕਸ਼ਿਤ ਧਵਨ ਨੇ ਸਾਂਝੇ ਤੌਰ ’ਤੇ ਕਿਹਾ ਕਿ 2017 ਵਿੱਚ ਲੋਕਾਂ ਨਾਲ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਅੱਜ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇ ਰਹੀ ਹੈ, ਜਿਸ ਦੀ ਸ਼ੁਰੂਆਤ ਕਾਂਗਰਸ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਤੋਂ ਕੀਤੀ ਅਤੇ ਫਿਰ ਖੇਡ ਮੰਤਰੀ ਦੇ ਪੁੱਤਰ ਨੂੰ ਸਟੇਟ ਇਨਫਰਮੇਸ਼ਨ ਕਮੇਟੀ ਵਿੱਚ ਉੱਚ ਅਹੁਦੇ ’ਤੇ ਨਿਯੁਕਤ ਕੀਤਾ ਗਿਆ। ਹੁਣ ਦੋ ਹੋਰ ਵਿਧਾਇਕਾਂ ਦੇ ਪੁੱਤਰਾਂ ਨੂੰ ਡੀਐੱਸਪੀ ਅਤੇ ਤਹਿਸੀਲਦਾਰ ਨਿਯੁਕਤ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਬੇਰੁਜ਼ਗਾਰੀ ਤੋਂ ਤੰਗ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਲਈ ਨਾਰਾਜ਼ ਧੜੇ ਦੇ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਰਹੇ ਹਨ। ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਨਿਯੁਕਤੀਆਂ ਨੂੰ ਰੱਦ ਕਰਵਾਉਣ ਲਈ ਸੜਕ ਤੋਂ ਅਦਾਲਤ ਤੱਕ ਹਰ ਪੱਧਰ ’ਤੇ ਲੜਾਈ ਲੜੇਗੀ ।
ਇਸ ਮੌਕੇ ਟਰੇਡ ਵਿੰਗ ਦੇ ਪੰਜਾਬ ਜੁਆਇੰਟ ਸਕੱਤਰ ਰਜਿੰਦਰ ਪਲਾਹ, ਕੋ-ਪ੍ਰਧਾਨਸ਼ਿਵਾਨੀ ਸ਼ਰਮਾ, ਜੁਆਇੰਟ ਸਕੱਤਰ ਵਰੁਣ ਰਾਣਾ, ਹਰਸ਼ਿਤ ਖੇੜਾ, ਕਿਰਪਾਲ ਸਿੰਘ, ਦੀਪਿਕਾ ਕੋਹਲੀ, ਜੈ ਕੁਸ਼ ਬੁੱਟਰ, ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਇੰਦਰਪਾਲ, ਸੀਨੀਅਰ ਆਗੂ ਰਵਿੰਦਰ ਹੰਸ, ਪਦਮ ਐਂਥਨੀ, ਰਾਜੀਵ ਭਗਤ, ਐਡਵੋਕੇਟ ਪ੍ਰਦੀਪ ਤੇਜੀ, ਬਲਾਕ ਪ੍ਰਧਾਨ ਮੁਖਵਿੰਦਰ ਸਿੰਘ ਵਿਰਦੀ ਅਤੇ ਹੋਰ ਵਰਕਰ ਹਾਜ਼ਰ ਸਨ।