ਪੱਤਰ ਪ੍ਰੇਰਕ
ਮੋਰਿੰਡਾ, 15 ਮਾਰਚ
ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਸਰਕਾਰੀ ਹਸਪਤਾਲ ਮੋਰਿੰਡਾ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਹਸਪਤਾਲ ਵਿੱਚ ਸਿਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਾ. ਚਰਨਜੀਤ ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਜ਼ਖਮੀ ਮਰੀਜ਼ਾਂ ਲਈ ਹਸਪਤਾਲ ਵਿੱਚ ਟਰੌਮਾ ਸੈਂਟਰ ਬਣਾਇਆ ਜਾਵੇਗਾ। ਹਸਪਤਾਲ ਵਿਚਲੇ ਬਾਥਰੂਮਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਮੈਡੀਕਲ ਸਹੂਲਤਾਂ ਜਿਵੇਂ ਅਲਟਰਾਸਾਊਂਡ ਮਸ਼ੀਨ, ਦਵਾਈਆਂ ਆਦਿ ਦੀ ਕਮੀ ਨੂੰ ਬਹੁਤ ਛੇਤੀ ਪੂਰਾ ਕਰ ਲਿਆ ਜਾਵੇਗਾ।
ਨੰਗਲ (ਨਿੱਜੀ ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਨਵਨਿਯੁਕਤ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਸਿਵਲ ਹਸਪਤਾਲ ਨੰਗਲ ਦਾ ਅੱਜ ਦੌਰਾ ਕੀਤਾ। ਉਨ੍ਹਾਂ ਨੇ ਓਪੀਡੀ ਤੋਂ ਪਰਚੀ ਕਟਵਾ ਕੇ ਖੁਦ ਲਈ ਦਵਾਈ ਲਈ| ਇਸ ਗੱਲ ਦੀ ਚਰਚਾ ਬਹੁਤ ਰਹੀ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਵਿਧਾਇਕ ਨੇ ਖ਼ੁਦ ਦਵਾਈ ਲੈਣ ਲਈ ਇਸ ਹਸਪਤਾਲ ਵਿੱਚੋਂ ਪਰਚੀ ਨਹੀਂ ਕਟਵਾਈ ਸੀ| ਵਿਧਾਇਕ ਹਰਜੋਤ ਬੈਂਸ ਨੇ ਐੱਸਐੱਮਓ ਡਾ. ਨਰੇਸ਼ ਤੋਂ ਸਟਾਫ ਅਤੇ ਹਸਪਤਾਲ ਲਈ ਲੋੜੀਦੇ ਸਮਾਨ ਬਾਰੇ ਜਾਣਕਾਰੀ ਲਈ। ਉਨ੍ਹਾਂ ਭਰੋਸਾ ਦਿੱਤਾ ਕਿ ਹਸਪਤਾਲ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ| ਦਸ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਕਈ ਸਟਾਫ ਮੈਂਬਰਾਂ ਨੇ ਵਿਧਾਇਕ ਕੋਲੋ ਆਪਣੇ ਦੁੱਖੜੇ ਵੀ ਫੋਲੇ। ਇਸ ਮੌਕੇ ਬਲਜੀਤ ਸਿੰਘ, ਬਚਿੱਤਰ ਸਿੰਘ, ਨਿਰੰਜਨ, ਜੱਗਾ, ਹੈਰੀ, ਸੁਭਾਸ਼, ਪਰਮਿੰਦਰ ਤੇ ਹੋਰ ਵਰਕਰ ਮੌਜੂਦ ਸਨ |
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਬਸੀ ਪਠਾਣਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਅੱਜ ਸਿਵਲ ਹਸਪਤਾਲ ਖਮਾਣੋਂ ਦਾ ਅਚਨਚੇਤੀ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਐਸਐਮਓ ਡਾ. ਨਰੇਸ਼ ਚੌਹਾਨ ਨਾਲ ਹਸਪਤਾਲ ਦੇ ਪ੍ਰਬੰਧਾਂ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਨੂੰ ਇਲਾਕੇ ਭਰ ਦੇ ਲੋਕਾਂ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ। ਡਾ. ਨਰੇਸ਼ ਚੌਹਾਨ ਨੇ ਸਿਵਲ ਹਸਪਤਾਲ ਖਮਾਣੋਂ ਵਿਖੇ ਐਂਬੂਲੈਂਸ ਦੀ ਘਾਟ, ਲੈਬ ਦੀ ਘਾਟ, ਟਰੌਮਾ ਸੈਂਟਰ ਦੀ ਘਾਟ, ਐਕਸਰੇ ਮਸ਼ੀਨਾਂ ਦੀ ਘਾਟ ਅਤੇ ਹੋਰ ਸਮੱਸਿਆਵਾਂ ਸਬੰਧੀ ਜਾਣੂ ਕਰਾਇਆ। ਵਿਧਾਇਕ ਹੈਪੀ ਨੇ ਐੱਸਐੱਮਓ ਨੂੰ ਨਿਰਦੇਸ਼ ਦਿੱਤੇ ਕਿ ਸਿਵਲ ਹਸਪਤਾਲ ਦੇ ਅੱਗੇ ਵੱਖ-ਵੱਖ ਡਾਕਟਰਾਂ ਦੀ ਹਾਜ਼ਰੀ ਦੇ ਬੋਰਡ ਲਗਾਏ ਜਾਣ। ਇਸ ਮੌਕੇ ਗੁਰਦੇਵ ਸਿੰਘ ਕੌਂਸਲਰ ਸਾਬਕਾ, ਕ੍ਰਿਸ਼ਨ ਗਾਬਾ, ਹਰਭਜਨ ਸਿੰਘ ਕਲੇਰ, ਗੁਰਦੀਪ ਸਿੰਘ ਕੋਂਸਲਰ, ਰਾਮਾ ਖਮਾਣੋਂ, ਰਾਜ ਕੁਮਾਰ, ਸੋਨੀ ਧਨੌਲਾ, ਗਗਨ ਸਮਸਪੁਰ ਅਤੇ ਆਮ ਆਦਮੀ ਪਾਰਟੀ ਦੇ ਹੋਰ ਸਥਾਨਕ ਆਗੂ ਹਾਜ਼ਰ ਸਨ।