ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਜੂਨ
ਗੰਨੇ ਦੀ ਅਦਾਇਗੀ ਨਾ ਹੋਣ ਤੋਂ ਖਫ਼ਾ ਕਿਸਾਨਾਂ ਨੇ ਗੰਨਾ ਸੰਘਰਸ਼ ਕਮੇਟੀ ਦੀ ਅਗਵਾਈ ’ਚ ਅੱਜ ਸੰਗਰੂਰ-ਧੂਰੀ ਸੜਕ ਉਪਰ ਮਾਲੇਰਕੋਟਲਾ ਦੇ ‘ਆਪ’ ਵਿਧਾਇਕ ਨੂੰ ਘੇਰ ਕੇ ਕਰੀਬ ਅੱਧਾ ਘੰਟਾ ਰੋਕੀ ਰੱਖਿਆ। ਤਿੰਨ ਦਿਨਾਂ ਤੋਂ ਧੂਰੀ ਵਿੱਚ ਮੁੱਖ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਦੇ ਰਹੇ ਕਿਸਾਨ ਅੱਜ ਸੰਗਰੂਰ ਵੱਲ ਆ ਰਹੇ ਸਨ, ਜਦੋਂ ਉਹ ਪਿੰਗਲਵਾੜਾ ਸੁਸਾਇਟੀ ਕੋਲ ਛਬੀਲ ਉਪਰ ਪਾਣੀ ਪੀਣ ਲਈ ਰੁਕੇ ਤਾਂ ਅਚਾਨਕ ਮਾਲੇਰਕੋਟਲਾ ਤੋਂ ‘ਆਪ’ ਵਿਧਾਇਕ ਜਮੀਲ-ਉਰ-ਰਹਿਮਾਨ ਦਾ ਕਾਫ਼ਲਾ ਪੁੱਜ ਗਿਆ। ਕਿਸਾਨਾਂ ਨੇ ਵਿਧਾਇਕ ਦੀ ਗੱਡੀ ਰੋਕ ਕੇ ਸੜਕ ’ਤੇ ਧਰਨਾ ਲਗਾ ਦਿੱਤਾ। ਕਮੇਟੀ ਆਗੂ ਅਵਤਾਰ ਸਿੰਘ ਭੁੱਲਰਹੇੜੀ, ਹਰਜੀਤ ਸਿੰਘ ਬੁਗਰਾ, ਜਗਮੇਲ ਸਿੰਘ ਉਭਾਵਾਲ ਨੇ ਵਿਧਾਇਕ ਨੂੰ ਦੱਸਿਆ ਕਿ ਖੰਡ ਮਿੱਲਾਂ ਵੱਲ ਕਿਸਾਨਾਂ ਦੀ ਗੰਨੇ ਦੀ ਅਦਾਇਗੀ ਦਾ ਕਰੀਬ 12 ਕਰੋੜ ਰੁਪਏ ਬਕਾਇਆ ਹੈ। ਇਸ ਮਗਰੋਂ ਪ੍ਰਸ਼ਾਸਨ ਨੇ ਗੰਨਾ ਸੰਘਰਸ਼ ਕਮੇਟੀ ਦੇ ਚਾਰ ਮੈਂਬਰੀ ਵਫ਼ਦ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਈ, ਜਿਸ ਮਗਰੋਂ ਮੁੱਖ ਮੰਤਰੀ ਨੇ ਜਲਦੀ ਗੰਨੇ ਦੀ ਬਕਾਇਆ ਰਾਸ਼ੀ ਦਿਵਾਉਣ ਦਾ ਭਰੋਸਾ ਦਿੱਤਾ।