ਗਗਨਦੀਪ ਅਰੋੜਾ
ਲੁਧਿਆਣਾ, 13 ਜੁਲਾਈ
ਹਲਕਾ ਦੱਖਣੀ ਵਿੱਚ ਅੱਜ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਮਾਰਿਆ ਗਿਆ ਛਾਪਾ ਮਹਿਲਾ ਆਈਪੀਐੱਸ ਅਧਿਕਾਰੀ ਨੂੰ ਮਹਿੰਗਾ ਪੈ ਗਿਆ। ਜਾਣਕਾਰੀ ਅਨੁਸਾਰ ਉੱਚ ਅਧਿਕਾਰੀਆਂ ਦੇ ਹੁਕਮ ’ਤੇ ਮਹਿਲਾ ਆਈਪੀਐੱਸ ਅਧਿਕਾਰੀ ਜੋਤੀ ਯਾਦਵ ਆਪਣੀ ਟੀਮ ਨਾਲ ਹਲਕਾ ਦੱਖਣੀ ਇਲਾਕੇ ਵਿੱਚ ਪੁੱਜੇ। ਇਸ ਦੌਰਾਨ ਉੱਥੇ ‘ਆਪ’ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਵੀ ਪੁੱਜ ਗਏ। ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਆਈਪੀਐੱਸ ਅਧਿਕਾਰੀ ਏਸੀਪੀ ਜੋਤੀ ਯਾਦਵ ਨੂੰ ਬਾਜ਼ਾਰ ਵਿੱਚ ਘੇਰਦਿਆਂ ਕਿਹਾ ਕਿ ਉਹ ਕਿਸ ਤੋਂ ਪੁੱਛ ਕੇ ਉਨ੍ਹਾਂ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਉਣ ਆਏ ਹਨ ਅਤੇ ਇਸ ਬਾਰੇ ਉਨ੍ਹਾਂ ਨੂੰ ਸੂਚਨਾ ਕਿਉਂ ਨਹੀਂ ਦਿੱਤੀ ਗਈ। ਏਸੀਪੀ ਨੇ ਜਵਾਬ ਦਿੰਦਿਆਂ ਕਿਹਾ ਕਿ ਉਹ ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ ਤੇ ਜੇਸੀਪੀ ਰਵਚਰਨ ਸਿੰਘ ਬਰਾੜ ਦੇ ਕਹਿਣ ’ਤੇ ਇੱਥੇ ਆਏ ਹਨ ਤਾਂ ਵਿਧਾਇਕਾ ਨੇ ਕਿਹਾ ਕਿ ਪੁਲੀਸ ਕਮਿਸ਼ਨਰ ਦਾ ਸਿੱਧਾ ਹੁਕਮ ਹੈ ਕਿ ਕਿਸੇ ਵੀ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਉਣ ਬਾਰੇ ਪਹਿਲਾਂ ਹਲਕਾ ਵਿਧਾਇਕ ਨੂੰ ਸੂਚਿਤ ਕੀਤਾ ਜਾਵੇ। ਵਿਧਾਇਕਾ ਨੇ ਕਿਹਾ ਕਿ ਹਲਕੇ ਵਿੱਚ ਪੁਲੀਸ ਵੱਲੋਂ ਛਾਪਾ ਮਾਰਨਾ ਚੰਗੀ ਗੱਲ ਹੈ ਪਰ ਹਲਕੇ ਦੇ ਵਿਧਾਇਕ ਨੂੰ ਨਾਲ ਲੈਂਦੇ ਤਾਂ ਹੋਰ ਵਧੀਆ ਹੁੰਦਾ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਸ਼ੱਕੀ ਵਿਅਕਤੀਆਂ ਬਾਰੇ ਲੋਕ ਪੁਲੀਸ ਨੂੰ ਦੱਸਣ ਤੋਂ ਗੁਰੇਜ਼ ਕਰਦੇ ਹਨ, ਜਦੋਂ ਕਿ ਵਿਧਾਇਕ ਨਾਲ ਖੁੱਲ੍ਹ ਕੇ ਗੱਲ ਕਰ ਲੈਂਦੇ ਹਨ। ਵਿਧਾਇਕਾ ਨੇ ਕਿਹਾ ਕਿ ਇਲਾਕੇ ਵਿੱਚ ਪੁਲੀਸ ਦਾ ਅਚਾਨਕ ਆਉਣਾ ਅਤੇ ਘਰਾਂ ’ਚ ਦਾਖਲ ਹੋਣਾ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਦਾ ਹੈ, ਇਸ ਲਈ ਵਿਧਾਇਕ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ। ਏਸੀਪੀ ਜੋਤੀ ਯਾਦਵ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਪੁਲੀਸ ਕਮਿਸ਼ਨਰ ਦੇ ਕਹਿਣ ’ਤੇ ਤਲਾਸ਼ੀ ਮੁਹਿੰਮ ਆਰੰਭੀ ਸੀ।