ਪੱਤਰ ਪ੍ਰੇਰਕ
ਬਠਿੰਡਾ, 7 ਜੁਲਾਈ
ਦੋ ਸਾਲ ਪਹਿਲਾਂ ‘ਆਪ’ ਵਿਧਾਇਕਾਂ ਤੇ ਵਰਕਰਾਂ ਖ਼ਿਲਾਫ਼ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਦਰਜ ਹੋਏ ਕੇਸ ਨੂੰ ਅੱਜ ਜ਼ਿਲ੍ਹਾ ਅਦਾਲਤ ਨੇ ਰੱਦ ਕਰ ਦਿੱਤਾ। ਇਸ ਕੇਸ ਸਬੰਧੀ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਬੁਢਲਾਡਾ ਹਲਕੇ ਤੋਂ ਵਿਧਾਇਕ ਪ੍ਰਿੰ. ਬੁੱਧ ਰਾਮ, ਭੁੱਚੋ ਹਲਕੇ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ, ਮੌੜ ਹਲਕੇ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਸਾਬਕਾ ਲੋਕ ਸਭਾ ਮੈਂਬਰ ਸਾਧੂ ਸਿੰਘ ਤੋਂ ਇਲਾਵਾ ‘ਆਪ’ ਦੇ ਪੰਜਾਬ ਸਪੋਕਸਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਤੇ ਨੀਲ ਗਰਗ ਸਮੇਤ ਕਈ ਆਗੂ ਬਠਿੰਡਾ ਅਦਾਲਤ ਵਿਚ ਪੇਸ਼ ਹੋਏ। ਸੀਜੇਐੱਮ ਮਹੇਸ਼ ਸ਼ਰਮਾ ਦੀ ਅਦਾਲਤ ਨੇ ਇਨ੍ਹਾਂ ਆਗੂਆਂ ਨੂੰ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ 24 ਜੂਨ 2020 ਨੂੰ ਕਾਂਗਰਸ ਸਰਕਾਰ ਸਮੇਂ ‘ਆਪ’ ਦੀ ਸਮੁੱਚੀ ਲੀਡਰਸ਼ਿਪ ਨੇ ਬਠਿੰਡਾ ਥਰਮਲ ਪਲਾਂਟ ਨੂੰ ਚਾਹੁਣ ਖ਼ਿਲਾਫ਼ ਬਠਿੰਡਾ ਦੀ ਗੋਲ ਡਿੱਗੀ ਨੇੜੇ ਧਰਨਾ ਲਗਾ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਕਰੋਨਾ ਕਾਰਨ ਧਾਰਾ 188 ਲੱਗੀ ਹੋਈ ਸੀ। ਇਸ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਖਿਲਾਫ਼ ਕੇਸ ਦਰਜ ਕਰ ਲਿਆ ਸੀ। ਕੈਬਨਿਟ ਮੰਤਰੀ ਮੀਤ ਹੇਅਰ ਨੇ ਅਦਾਲਤ ਦੇ ਫੈਸਲੇ ਉਪਰੰਤ ਕਿਹਾ ਕਿ ਉਨ੍ਹਾਂ ਲੋਕ ਹਿੱਤਾਂ ਲਈ ਆਵਾਜ਼ ਉਠਾਉਣ ਲਈ ਧਰਨਾ ਦਿੱਤਾ ਸੀ ਪਰ ਸਰਕਾਰ ਦੀ ਸ਼ਹਿ ’ਤੇ ਪੁਲੀਸ ਨੇ ਕੇਸ ਦਰਜ ਕਰ ਦਿੱਤਾ ਸੀ। ਵਕੀਲਾਂ ਦਾ ਪੱਖ ਸੁਣਨ ਤੋਂ ਬਾਅਦ ਸੀਜੇਐੱਮ ਮਹੇਸ਼ ਸ਼ਰਮਾ ਦੀ ਅਦਾਲਤ ਨੇ ਆਪ ਦੇ ਵਿਧਾਇਕਾਂ ਸਮੇਤ ਵਰਕਰਾਂ ਨੂੰ ਕਲੀਨ ਚਿੱਟ ਦੇ ਦਿੱਤੀ। ਇਸ ਦੀ ਪੁਸ਼ਟੀ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ ਨੇ ਕੀਤੀ।