ਪਾਲ ਸਿੰਘ ਨੌਲੀ
ਜਲੰਧਰ, 22 ਸਤੰਬਰ
ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਇੱਕ ਸੀਨੀਅਰ ਪੁਲੀਸ ਅਫਸਰ ਦੀ ਆਪਸ ਵਿੱਚ ਝੜਪ ਹੋ ਗਈ। ਇਸ ਘਟਨਾ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਪਹੁੰਚੇ ‘ਆਪ’ ਦੇ ਸਮਰਥਕਾਂ ਨੇ ਡਿਊਟੀ ’ਤੇ ਹਾਜ਼ਰ ਮਹਿਲਾ ਡਾਕਟਰ ਨਾਲ ਦੁਰਵਿਵਹਾਰ ਕੀਤਾ ਤੇ ਹਸਪਤਾਲ ਵਿੱਚ ਭੰਨ੍ਹ-ਤੋੜ ਕੀਤੀ। ਜ਼ਿਕਰਯੋਗ ਹੈ ਕਿ ਲੜਾਈ ਦਾ ਮੁੱਢ ਉਦੋਂ ਬੱਝਾ ਸੀ ਜਦੋਂ ਲੰਘੀ ਰਾਤ ਸ਼ਾਸ਼ਤਰੀ ਮਾਰਕੀਟ ਵਿੱਚ ਦੋ ਧਿਰਾਂ ਵਿੱਚ ਝਗੜਾ ਹੋ ਗਿਆ ਸੀ। ਇਸ ਵਿੱਚ ਇੱਕ ਧਿਰ ਵਿੱਚ ਡੀਸੀਪੀ ਨਰੇਸ਼ ਡੋਗਰਾ ਦਾ ਭਾਣਜਾ ਸ਼ਾਮਲ ਸੀ ਜਦਕਿ ਦੂਜੀ ਧਿਰ ਵਿੱਚ ‘ਆਪ’ ਦੇ ਵਿਧਾਇਕ ਰਮਨ ਅਰੋੜਾ ਦੇ ਸਮਰਥਕ ਸ਼ਾਮਲ ਸਨ। ਇਹ ਝਗੜਾ ਹੋਰ ਨਾ ਅੱਗੇ ਵਧੇ ਇਸ ਦਾ ਸਮਝੌਤਾ ਕਰਵਾਉਣ ਲਈ ਦੋਵਾਂ ਨੂੰ ਇੱਕ ਨਾਮੀ ਕਾਰੋਬਾਰੀ ਨੇ ਆਪਣੇ ਦਫਤਰ ਸੱਦਿਆ ਹੋਇਆ ਸੀ। ਇਸ ਦੌਰਾਨ ਦੋਵਾਂ ਵਿੱਚ ਘਸੁੰਨਮੁੱਕੀ ਹੋ ਗਈ। ਵਿਧਾਇਕ ਅਰੋੜਾ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ ਵੀ ਉਨ੍ਹਾਂ ਦੀ ਡੋਗਰਾ ਨਾਲ ਬਹਿਸ ਹੋਈ ਸੀ ਪਰ ਡੋਗਰਾ ਅਤੇ ਉਨ੍ਹਾਂ ਨੂੰ ਮਿਲਣ ਆਏ ਬਾਲਮੀਕਿ ਭਾਈਚਾਰੇ ਦੇ ਮੈਂਬਰਾਂ ਵਿਚਕਾਰ ਹਿੰਸਕ ਝੜਪ ਹੋਈ ਸੀ। ਉਧਰ, ਡੋਗਰਾ ਨੇ ਕਿਹਾ ਕਿ ਉਨ੍ਹਾਂ ਦਾ ਬਾਲਮੀਕਿ ਭਾਈਚਾਰੇ ਦੇ ਲੋਕਾਂ ਨਾਲ ਕੋਈ ਮਸਲਾ ਨਹੀਂ ਸੀ। ਪੁਲੀਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਡੀਸੀਪੀ ਡੋਗਰਾ ਦੇ ਵਿਰੋਧੀ ਧਿਰ ਤੋਂ ਸ਼ਿਕਾਇਤ ਮਿਲੀ ਸੀ ਪਰ ਉਹ ਅਗਲੀ ਕਾਰਵਾਈ ਤੋਂ ਪਹਿਲਾਂ ਸਾਰੇ ਤੱਥ ਇਕੱਠੇ ਕਰ ਰਹੇ ਹਨ। ਡੀਸੀਪੀ ਡੋਗਰਾ ਅਤੇ ਵਿਧਾਇਕ ਅਰੋੜਾ ਦੋਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬੁੱਧਵਾਰ ਸ਼ਾਮ ਨੂੰ ਡੋਗਰਾ ਅਤੇ ਇੱਕ ਐੱਸਐੱਚਓ ਦੋ ਦੁਕਾਨਦਾਰਾਂ ਵਿਚਕਾਰ ਝਗੜਾ ਸੁਲਝਾਉਣ ਲਈ ਸ਼ਾਸਤਰੀ ਮਾਰਕੀਟ ਗਏ ਸਨ। ਇਸ ਤੋਂ ਬਾਅਦ ਸਮੱਸਿਆ ਸ਼ੁਰੂ ਹੋਈ। ਡੀਸੀਪੀ ਡੋਗਰਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਉਨ੍ਹਾਂ ਦੇ ਲੱਗੀਆਂ ਸੱਟਾਂ ਦੀ ਐੱਮਐਲਆਰ ਵੀ ਕੱਟੀ ਗਈ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ।
‘ਆਪ’ ਸਮਰਥਕਾਂ ਵੱਲੋਂ ਹਸਪਤਾਲ ਦੀ ਭੰਨ੍ਹ-ਤੋੜ
ਹੰਗਾਮੇ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਦੇ ਸਮਰਥਕ ਅੱਧੀ ਰਾਤ ਦੇ ਕਰੀਬ ਐੱਮਐੱਲਆਰ ਦੀ ਰਿਪੋਰਟ ਲੈਣ ਲਈ ਸਿਵਲ ਹਸਪਤਾਲ ਗਏ ਤਾਂ ਉਥੇ ਹੰਗਾਮਾ ਹੋ ਗਿਆ। ਐਮਰਜੈਂਸੀ ਵਿੱਚ ਡਿਊਟੀ ’ਤੇ ਹਾਜ਼ਰ ਡਾਕਟਰ ਹਰਵੀਨ ਕੌਰ ਨੇ ਦੱਸਿਆ ਕਿ ਹੰਗਾਮੇ ਵਿੱਚ ਵਿਧਾਇਕ ਸ਼ੀਤਲ ਅੰਗੁਰਾਲ ਦਾ ਭਰਾ ਰਾਜਨ ਅੰਗੁਰਾਲ ਵੀ ਸੀ। ਡਾਕਟਰ ਹਰਵੀਨ ਕੌਰ ਨੇ ਦਾਅਵਾ ਕੀਤਾ ਕਿ ਭੰਨ ਤੋੜ ਕਰਨ ਵਾਲੇ ਚਾਹੁੰਦੇ ਸਨ ਕਿ ਸਟਾਫ਼ ਸੱਟਾਂ ਨੂੰ ਵਧਾ-ਚੜ੍ਹਾ ਕੇ ਦੱਸਣ।