ਸਰਬਜੀਤ ਸਾਗਰ
ਦੀਨਾਨਗਰ, 13 ਦਸੰਬਰ
ਆਗਾਮੀ ਵਿਧਾਨ ਸਭਾ ਚੋਣਾਂ ਲਈ ਦੀਨਾਨਗਰ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਮਾਯੂਸ ਹੋਏ ਤਿੰਨ ‘ਆਪ’ ਆਗੂਆਂ ਨੇ ਅੱਜ ਆਪਣੇ ਸਾਥੀਆਂ ਸਣੇ ਪਾਰਟੀ ਉਮੀਦਵਾਰ ਸ਼ਮਸ਼ੇਰ ਸਿੰਘ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਉਕਤ ਆਗੂਆਂ ਨੇ ਹਾਈਕਮਾਂਡ ਦੇ ਫ਼ੈਸਲੇ ਨੂੰ ਗ਼ਲਤ ਕਰਾਰ ਦਿੰਦਿਆਂ 20 ਦਸੰਬਰ ਤੱਕ ਉਮੀਦਵਾਰ ਬਦਲਣ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਟਿਕਟ ਪ੍ਰਾਪਤੀ ਲਈ ਲੰਮੇ ਸਮੇਂ ਤੋਂ ਜੱਦੋ-ਜਹਿਦ ਕਰਦੇ ਆ ਰਹੇ ਸੂਬੇਦਾਰ ਕੁਲਵੰਤ ਸਿੰਘ, ਐੱਸਸੀ ਵਿੰਗ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਪ੍ਰਸ਼ੋਤਮ ਲਾਲ ਮਗਰਾਲਾ ਅਤੇ ਸਾਬਕਾ ਬਲਾਕ ਸਮਿਤੀ ਚੇਅਰਮੈਨ ਤਸਵੀਰ ਚੰਦ ਪ੍ਰਮੁੱਖ ਨੇ ਲੇਬਰ ਚੌਕ ਸਾਹਮਣੇ ਸੜਕ ’ਤੇ ਪ੍ਰਦਰਸ਼ਨ ਕਰਦਿਆਂ ਹਾਈਕਮਾਂਡ ਵੱਲੋਂ ਕੁਝ ਦਿਨ ਪਹਿਲਾਂ ਐਲਾਨੇ ਉਮੀਦਵਾਰ ਸ਼ਮਸ਼ੇਰ ਸਿੰਘ ਨੂੰ ਸਮਰਥਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਸਾਬਕਾ ਹਲਕਾ ਇੰਚਾਰਜ ਹਕੀਕਤ ਰਾਏ ਦੇ ਵੱਡੇ ਗਰੁੱਪ ਨੇ ਇਸ ਵਿਰੋਧ ਪ੍ਰਦਰਸ਼ਨ ਤੋਂ ਦੂਰੀ ਬਣਾਈ ਹੋਈ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਹਾਈਕਮਾਂਡ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਦੀਨਾਨਗਰ ਦੇ ਵਰਕਰਾਂ ’ਤੇ ਥੋਪਿਆ ਗਿਆ ਹੈ, ਜਿਸ ਖ਼ਿਲਾਫ਼ 420 ਦਾ ਪਰਚਾ ਦਰਜ ਹੈ ਅਤੇ ਉਸ ਖ਼ਿਲਾਫ਼ ਕਈ ਅਜਿਹੇ ਦੋਸ਼ ਵੀ ਲੱਗੇ ਹਨ, ਜੋ ਪਾਰਟੀ ਦੇ ਅਸੂਲਾਂ ਤੇ ਨੀਤੀਆਂ ਦੇ ਖ਼ਿਲਾਫ਼ ਹਨ। ਸ਼ਮਸ਼ੇਰ ਸਿੰਘ ਨੇ ਇਸ ਨੂੰ ਵਿਰੋਧੀਆਂ ਦੀ ਚਾਲ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ ‘ਆਪ’ ਦੇ ਹਿਤੈਸ਼ੀ ਨਹੀਂ ਹੋ ਸਕਦੇ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧ ਜਤਾਉਣ ਵਾਲੇ ਲੋਕਾਂ ਦੀ ਗਿਣਤੀ ਨਾਮਾਤਰ ਹੈ ਤੇ ਵੱਡੀ ਗਿਣਤੀ ਵਰਕਰ ਉਨ੍ਹਾਂ ਦੇ ਨਾਲ ਹਨ।