ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਫ਼ਰਵਰੀ
ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰਾਂ ’ਚ ਸ਼ਾਮਲ ਕੈਪਟਨ ਬਿਕਰਮ ਸਿੰਘ ਪਹੁਵਿੰਡ ਤੇ ਹੋਰ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਇਹ ਆਗੂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿਚ ਸ਼ਾਮਲ ਹੋਏ। ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ‘ਆਪ ਆਗੂ ਕੈਪਟਨ ਬਿਕਰਮ ਸਿੰਘ ਪਹੁਵਿੰਡ, ਜੈਦੀਪ ਸਿੰਘ, ਅਮਰ ਮਸੀਹ ਤੇ ਸਾਥੀ ਸ਼ਾਮਲ ਸਨ। ਸ੍ਰੀ ਮਜੀਠੀਆ ਨੇ ਦੱਸਿਆ ਕਿ ਕੈਪਟਨ ‘ਆਪ’ ਦੇ ਸੰਸਥਾਪਕ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਕੈਪਟਨ ਬਿਕਰਮ ਨੂੰ ਅਕਾਲੀ ਦਲ ਦਾ ਬੁਲਾਰਾ ਅਤੇ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ‘ਆਪ’ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਜੈਦੀਪ ਸਿੰਘ ਨੂੰ ਰਾਜਾਸਾਂਸੀ ਤੋਂ ਪਾਰਟੀ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਪਰ ਆਖਰੀ ਮੌਕੇ ਨਾਂਹ ਕਰ ਦਿੱਤੀ ਗਈ।