ਪੱਤਰ ਪ੍ਰੇਰਕ
ਭੁਲੱਥ, 13 ਮਾਰਚ
‘ਆਪ’ ਨੇ ਅੱਜ ਦੀ ਰੈਲੀ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਰਵਾਇਤੀ ਪਾਰਟੀਆਂ ਨਾਲੋਂ ਕਿਸੇ ਗੱਲੋਂ ਵੱਖਰੀ ਨਹੀਂ ਹੈ। ਇਹ ਗੱਲ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਥੇ ਪਿੰਡ ਰਾਮਗੜ੍ਹ ਵਿੱਚ ਉਨ੍ਹਾਂ ਨੂੰ ਜਿੱਤ ਦੀਆਂ ਵਧਾਈਆਂ ਦੇਣ ਆਏ ਸਮਰਥਕਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਦਲਾਅ ਲਈ ‘ਆਪ’ ਨੂੰ ਪ੍ਰਚੰਡ ਬਹੁਮਤ ਨਾਲ ਜਿਤਾਇਆ ਹੈ, ਪਰ ਅੱਜ ਦੀ ਧੰਨਵਾਦ ਰੈਲੀ ਲਈ ਸਰਕਾਰੀ ਟਰਾਂਸਪੋਰਟ ਦੀ ਦੁਰਵਰਤੋਂ ਕਰਨ ਨਾਲ ‘ਆਪ’ ਦੇ ਬਦਲਾਅ ਵਾਲੇ ਨਾਅਰੇ ’ਤੇ ਸਵਾਲ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਅੱਜ ਸਰਕਾਰੀ ਟਰਾਂਸਪੋਰਟ ਦੀ ਕੀਤੀ ਗਈ ਦੁਰਵਰਤੋਂ ਨਾਲ ਸਰਕਾਰੀ ਖਜ਼ਾਨੇ ਨੂੰ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਇਸ ਖਰਚੇ ਦੀ ਅਦਾਇਗੀ ਕਰਨੀ ਚਾਹੀਦੀ ਹੈ।