ਪਾਲ ਸਿੰਘ ਨੌਲੀ
ਜਲੰਧਰ, 12 ਫਰਵਰੀ
ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਨੂੰ ਭਾਜਪਾ ਤੋਂ ਵੱਧ ਖਤਰਨਾਕ ਦੱਸਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੋਂ ਸਮੁੱਚੇ ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਉਹ ਬੇਇੱਜ਼ਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੇਜਰੀਵਾਲ ’ਤੇ ਪੰਜਾਬ ਵਿੱਚ ਹਿੰਦੂ-ਸਿੱਖ ਮਸਲਾ ਖੜ੍ਹਾ ਕਰਨ ਦਾ ਦੋਸ਼ ਵੀ ਲਾਇਆ। ਉਹ ਅੱਜ ਇੱਥੇ ਜਲੰਧਰ ਛਾਉਣੀ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਸਨ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਵਿਚ ਸਿਰਫ 12 ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ, ਜਿਨ੍ਹਾਂ ਵਿਚੋਂ ਛੇ ਕਾਂਗਰਸ ਦੇ ਤੇ ਛੇ ਸੰਯੁਕਤ ਕਿਸਾਨ ਮੋਰਚੇ ਦੇ ਉਮੀਦਵਾਰ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਿੰਨਾ ‘ਆਪ’ ਨੇ ਗੁਮਰਾਹ ਕੀਤਾ ਹੈ, ਓਨਾ ਹੋਰ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਆਰਐੱਸਐੱਸ ਦੀ ਵਿਚਾਰਧਾਰਾ ’ਤੇ ਪਹਿਰਾ ਦਿੰਦੀ ਆ ਰਹੀ ਹੈ। ਮੋਦੀ, ਕੇਜਰੀਵਾਲ ਤੇ ਬਾਦਲਾਂ ਵਿੱਚ ਇੱਕੋ ਗੱਲ ਸਾਂਝੀ ਹੈ ਤੇ ਉਹ ਹੈ ਪੰਜਾਬ ਨੂੰ ਲੁੱਟਣਾ। ‘ਆਪ’ ਦੇ ਆਗੂ ਦਿੱਲੀ ਤੋਂ ਪੰਜਾਬੀਆਂ ਨੂੰ ਕੁਰਾਹੇ ਪਾਉਣ ਲਈ ਹੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੀ ਨੰਬਰ ਇਕ ਫਿਰਕਾਪ੍ਰਸਤ ਪਾਰਟੀ ਹੈ।
ਉਨ੍ਹਾਂ ਦੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੰਬਰ ਦੋ ’ਤੇ ਆਉਂਦੀ ਹੈ ਤੇ ਉਸ ਤੋਂ ਬਾਅਦ ਭਾਜਪਾ ਦੇ ਨਵੇਂ ਸਿਆਸੀ ਭਾਈਵਾਲ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਆਉਂਦੇ ਹਨ।
‘ਮਰਜ਼ੀ ਨਾਲ ਬੋਲਣ ਵੀ ਨਹੀਂ ਦਿੰਦੇ ਸਨ ਕੇਜਰੀਵਾਲ’
ਧਰਮਵੀਰ ਗਾਂਧੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸੰਸਦ ਮੈਂਬਰਾਂ ਨੂੰ ਲੋਕ ਸਭਾ ਵਿਚ ਆਪਣੀ ਮਰਜ਼ੀ ਨਾਲ ਬੋਲਣ ਵੀ ਨਹੀਂ ਸੀ ਦਿੰਦੇ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਲੋਕ ਸਭਾ ਵਿੱਚ ਬੋਲਣਾ ਸੀ ਤਾਂ ਉਹ ਪੰਜਾਬ ਭਵਨ ਠਹਿਰੇ ਹੋਏ ਸਨ। ਉਥੇ ਰਾਘਵ ਚੱਢਾ ਆਏ ਤੇ ਕਹਿਣ ਲੱਗੇ ਕਿ ਕੇਜਰੀਵਾਲ ਨੇ ਇਹ ਚਾਰ ਮੰਗਾਂ ਬਾਰੇ ਬੋਲਣ ਲਈ ਕਿਹਾ ਹੈ। ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਦੇਖ ਕੇ ਹੈਰਾਨ ਹੋ ਗਏ ਕਿ ਇਹ ਚਾਰ ਮੰਗਾਂ ਦਿੱਲੀ ਨਾਲ ਸਬੰਧਤ ਸਨ। ਉਨ੍ਹਾਂ ਨੇ ਉਸੇ ਵੇਲੇ ਰਾਘਵ ਚੱਢਾ ਨੂੰ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਪਟਿਆਲੇ ਦੇ ਲੋਕਾਂ ਨੇ ਚੁਣ ਕੇ ਭੇਜਿਆ ਹੈ ਤੇ ਉਨ੍ਹਾਂ ਦੀਆਂ ਮੰਗਾਂ ਹੀ ਲੋਕ ਸਭਾ ਵਿੱਚ ਉਠਾਉਣਗੇ।