ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜਨਵਰੀ
‘ਆਪ’ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਵਿਭਾਗਾਂ ਅਤੇ ਸਿੱਖਿਆ ਸੰਸਥਾਵਾਂ ’ਚ ਨਵੀਂ ਭਰਤੀ ਦੀ ਪ੍ਰਕਿਰਿਆ ’ਚ ਵੱਡੀ ਪੱਧਰ ’ਤੇ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ’ਚ ਸਰਕਾਰੀ ਨੌਕਰੀਆਂ ਦੀ ਭਰਤੀ ਮੈਰਿਟ ਦੇ ਆਧਾਰ ’ਤੇ ਕੀਤੀ ਜਾਵੇਗੀ, ਜਿਸ ਦੀ ਵੇਟਿੰਗ ਲਿਸਟ ਜਾਰੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਵਿੱਚ ਕੱਚੇ ਮੁਲਾਜ਼ਮਾਂ ਦੀ ਭਰਤੀ ਅਤੇ ਆਊਟ-ਸੋਰਸਿੰਗ ਵਰਗੇ ਸਿਸਟਮ ਬੰਦ ਕੀਤੇ ਜਾਣਗੇ। ਸ੍ਰੀ ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਲੰਮਾ ਸਮਾਂ ਪੰਜਾਬ ਦੇ ਨੌਜਵਾਨਾਂ ਦਾ ਸ਼ੋਸ਼ਣ ਕੀਤਾ ਹੈ ਪਰ ‘ਆਪ’ ਦੀ ਸਰਕਾਰ ਆਉਣ ’ਤੇ ਸਾਰੀਆਂ ਭਰਤੀਆਂ ਪੂਰੀ ਪਾਰਦਰਸ਼ਤਾ ਨਾਲ ਸਮੇਂ ਸਿਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੀ ਭਰਤੀ ਦੌਰਾਨ ਲੰਮੇ ਸਮੇਂ ਤੋਂ ਵੇਟਿੰਗ ਲਿਸਟਾਂ ਨਾ ਜਾਰੀ ਕਰਨ ਕਾਰਨ ਸੈਂਕੜੇ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਵਾਇਤੀ ਪਾਰਟੀਆਂ ਨੇ ਆਪਣੀਆਂ ਸਰਕਾਰਾਂ ਵੇਲੇ ਨਿੱਜੀਕਰਨ ਪ੍ਰਣਾਲੀ ਨੂੰ ਪ੍ਰਫੁੱਲਤ ਕਰਕੇ ਸਰਕਾਰੀ ਸਿਸਟਮ ਨੂੰ ਢਹਿ-ਢੇਰੀ ਕੀਤਾ ਅਤੇ ਕੰਟਰੈਕਟ ਤੇ ਆਊਟ-ਸੋਰਸਿੰਗ ਰਾਹੀਂ ਭਰਤੀਆਂ ਕਰਕੇ ਨੌਜਵਾਨਾਂ ਨਾਲ ਧੱਕਾ ਕੀਤਾ ਹੈ। ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਹਜ਼ਾਰਾਂ ਖ਼ਾਲੀ ਅਸਾਮੀਆਂ ਲਈ ਜਾਣਬੁਝ ਕੇ ਅਧੂਰੀ ਛੱਡੀ ਭਰਤੀ ਪ੍ਰਕਿਰਿਆ ਨੂੰ ‘ਆਪ’ ਦੀ ਸਰਕਾਰ ਆਉਣ ’ਤੇ ਪਾਰਦਰਸ਼ਤਾ ਨਾਲ ਨੇਪਰੇ ਚੜ੍ਹਾਇਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਅਕਸਰ ਹੀ ਸਰਕਾਰ ਬਦਲਣ ’ਤੇ ਬਿਨਾਂ ਸੋਚੇ ਸਮਝੇ ਭਰਤੀਆਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ। ਇਸ ਨਾਲ ਲੋਕਾਂ ਦਾ ਪੈਸੇ ਅਤੇ ਸਮਾਂ ਦੋਵੇਂ ਬਰਬਾਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਸਾਜ਼ਿਸ਼ ਤਹਿਤ ਬਰਬਾਦ ਕੀਤੀਆਂ ਐੱਸਐੱਸਸੀ ਤੇ ਪੀਪੀਐੱਸਸੀ ਵਰਗੀਆਂ ਸਰਕਾਰੀ ਨੌਕਰੀਆਂ ਲਈ ਸਥਾਪਤ ਕੀਤੀਆਂ ਸੰਸਥਾਵਾਂ ਨੂੰ ਸੁਰਜੀਤ ਕੀਤਾ ਜਾਵੇਗਾ। ‘ਆਪ’ ਆਗੂਆਂ ਨੇ ਭਰੋਸਾ ਦਿੱਤਾ ਕਿ ਬੇਰੁਜ਼ਗਾਰ ਨੌਜਵਾਨਾਂ ਦੀ ਮੰਗ ਅਨੁਸਾਰ ‘ਆਪ’ ਦੀ ਸਰਕਾਰ ਸਰਕਾਰੀ ਨੌਕਰੀਆਂ ’ਚ ਉਮਰ ਸੀਮਾ ’ਤੇ ਵੀ ਵਿਸ਼ੇਸ਼ ਛੋਟ ਦੇਵੇਗੀ।