ਪੱਤਰ ਪ੍ਰੇਰਕ
ਰੂਪਨਗਰ, 1 ਮਈ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਟਿਆਲਾ ਹਿੰਸਾ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਇੱਥੇ ਚੰਦੂਮਾਜਰਾ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਟਿਆਲਾ ਵਿੱਚ ਤਣਾਅ ਦੀ ਸੰਭਾਵਨਾ ਬਾਰੇ ਖੁਫੀਆ ਸੂਚਨਾਵਾਂ ਦੇ ਬਾਵਜੂਦ ਪੁਲੀਸ ਅਤੇ ਪੰਜਾਬ ਸਰਕਾਰ ਇਸ ਸਬੰਧੀ ਕਾਰਵਾਈ ਕਰਨ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਖੁਫੀਆ ਸੂਚਨਾਵਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਣਕਾਰੀ ਵਿੱਚ ਸਨ ਪਰ ਬਿਜਲੀ ਸੰਕਟ, ਕਣਕ ਦਾ ਘੱਟ ਝਾੜ ਅਤੇ ਹੋਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਪਟਿਆਲਾ ਵਿੱਚ ਟਕਰਾਅ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।