ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਲਈ ਭਗਵੰਤ ਮਾਨ ਨੂੰ ਉਮੀਦਵਾਰ ਐਲਾਨੇ ਜਾਣ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ‘ਆਪ’ ਨੂੰ ਲਾੜਾ ਤਾਂ ਮਿਲ ਗਿਆ ਹੈ ਪਰ ਵਿਆਹ ਕਰਨਾ ਜਾਂ ਨਹੀਂ, ਇਹ ਫ਼ੈਸਲਾ ਪੰਜਾਬ ਦੇ ਲੋਕ ਕਰਨਗੇ। ਉਨ੍ਹਾਂ ਕਿਹਾ ਕਿ ਫਿਲਹਾਲ ‘ਦਿੱਲੀ ਬੜੀ ਦੂਰ ਹੈ’। ਉਹ ਅੱਜ ਇੱਥੇ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਲੋਕਾਂ ਨੂੰ ਮਿਲਣ ਲਈ ਆਏ ਸਨ।
ਇੱਥੇ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਸਿੱਧੂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਏ ਜਾਣ ’ਤੇ ਵਧਾਈ ਦਿੱਤੀ ਹੈ। ਇਸ ਸਬੰਧੀ ਕਾਂਗਰਸ ਹਾਈਕਮਾਂਡ ਦੇ ਨਜ਼ਰੀਏ ਬਾਰੇ ਗੱਲ ਕਰਦਿਆਂ ਸ੍ਰੀ ਸਿੱਧੂ ਦੀ ਮਾਯੂਸੀ ਤੇ ਨਿਰਾਸ਼ਾ ਵੀ ਉਨ੍ਹਾਂ ਦੇ ਸ਼ਬਦਾਂ ਵਿੱਚ ਸਾਫ਼ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ‘ਬਹੁਤ ਸਿਆਣੀ’ ਹੈ, ਉਹ ਜੋ ਵੀ ਫ਼ੈਸਲਾ ਕਰੇਗੀ, ਲੋਕ ਹਿਤ ਵਿੱਚ ਹੋਵੇਗਾ। ਜ਼ਿਕਰਯੋਗ ਹੈ ਕਿ ਸ੍ਰੀ ਸਿੱਧੂ ਕਾਂਗਰਸ ਹਾਈਕਮਾਂਡ ਕੋਲ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਦੀ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਮੰਗ ਨੂੰ ਅਣਡਿੱਠਾ ਕੀਤਾ ਗਿਆ ਹੈ।
ਪੰਜਾਬ ਮਾਡਲ ਦੀ ਗੱਲ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਉਹ ਪੰਜਾਬ ਦੀ ਤਰੱਕੀ ਦੇ ਏਜੰਡੇ ਅਤੇ ਰੋਡ ਮੈਪ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਲਾਰੇ-ਲੱਪੇ ਲਾ ਕੇ ਸੱਤਾ ਹਾਸਲ ਕਰਨ ਦੇ ਮੁੱਦੇ ਨਾਲ ਉਹ ਨਹੀਂ ਖੜ੍ਹਦੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪੰਜਾਬ ਦੇ ਲੋਕ ਚੋਣਾਂ ਦੌਰਾਨ ਪੰਜਾਬ ਦੇ ਵਿਕਾਸ ਦੇ ਏਜੰਡੇ ਨੂੰ ਵੋਟ ਪਾਉਣਗੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਰਿਸ਼ਤੇਦਾਰ ਦੇ ਘਰ ਈਡੀ ਵੱਲੋਂ ਮਾਰੇ ਛਾਪੇ ਸਬੰਧੀ ਸ੍ਰੀ ਸਿੱਧੂ ਨੇ ਆਖਿਆ ਕਿ ਛਾਪਾ ਪੈਣ ਦਾ ਮਤਲਬ ਦੋਸ਼ੀ ਸਾਬਤ ਨਹੀਂ ਕਰਦਾ ਹੈ। ਬਿਨਾਂ ਕਿਸੇ ਦਾ ਨਾਂ ਲਏ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਈਡੀ ਦੇ ਛਾਪੇ ਮਾਰ ਕੇ ਲੋਕਾਂ ਦੀ ਜਬਰੀ ਬਾਂਹ ਮਰੋੜੀ ਗਈ ਹੈ, ਪਰ ਜਿਸ ਕਿਸੇ ’ਤੇ ਵੀ ਈਡੀ ਦਾ ਛਾਪਾ ਪਿਆ ਹੈ, ਉਸ ਨੂੰ ਇਸ ਬਾਰੇ ਲੋਕਾਂ ਨੂੰ ਸਪੱਸ਼ਟ ਕਰਨਾ ਪਵੇਗਾ।
ਗੈਰਕਾਨੂੰਨੀ ਮਾਈਨਿੰਗ: ਸਿੱਧੂ ਵੱਲੋਂ ਅਸਿੱਧੇ ਤਰੀਕੇ ਚੰਨੀ ’ਤੇ ਨਿਸ਼ਾਨਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ’ਤੇ ਗੈਰਕਾਨੂੰਨੀ ਮਾਈਨਿੰਗ ਸਬੰਧੀ ਪਏ ਛਾਪੇ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਸਿੱਧੇ ਤਰੀਕੇ ਨਾਲ ਸਿਆਸੀ ਤੀਰ ਨਿਸ਼ਾਨੇ ’ਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਇੱਕ ਪਾਸੇ ਇਸ ਛਾਪੇ ਨੂੰ ਸਿਆਸੀ ਬਦਲਾਖੋਰੀ ਦੱਸ ਰਹੀ ਹੈ ਅਤੇ ਦੂਜੇ ਪਾਸੇ ਅੱਜ ਨਵਜੋਤ ਸਿੱਧੂ ਨੇ ਟਵੀਟ ਕਰ ਕੇ ਕਿਹਾ ਹੈ ਕਿ ਜਿੰਨਾ ਸਮਾਂ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਮੌਜੂਦ ਹੈ, ਓਨਾ ਸਮਾਂ ਲੋਕਾਂ ਨੂੰ ਸਸਤੀ ਰੇਤ ਨਹੀਂ ਮਿਲੇਗੀ। ਸਿੱਧੂ ਨੇ ਪੰਜਾਬ ਵਿੱਚ ਮਹਿੰਗੀ ਰੇਤ ਵਿਕਣ ਸਬੰਧੀ ਇੱਕ ਖ਼ਬਰ ਦੀ ਕਲਿੱਪ ਵੀ ਸਾਂਝੀ ਕੀਤੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਮਾਈਨਿੰਗ ’ਤੇ ਸਰਕਾਰੀ ਕੰਟਰੋਲ ਹੀ ਇਸ ਦਾ ਇੱਕੋ-ਇੱਕ ਹੱਲ ਹੈ। ਉਨ੍ਹਾਂ ਟਵੀਟ ਵਿੱਚ ਕਿਹਾ ਕਿ ਪੰਜਾਬ ਮਾਡਲ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਨ ਦੀ ਵਕਾਲਤ ਕਰਦਾ ਹੈ ਅਤੇ ਤੈਅ ਰੇਟ, ਵਜ਼ਨ ਅਤੇ ਰੇਤ ਵੇਚਣ ਲਈ ਕਾਰਪੋਰੇਸ਼ਨ ਬਣਾਉਣ ਦੀ ਹਮਾਇਤ ਕਰਦਾ ਹੈ। ਸ੍ਰੀ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਮਾਡਲ ਵਿੱਚ ਮਾਈਨਿੰਗ ਪਾਲਿਸੀ ਸ਼ਾਮਲ ਕੀਤੀ ਗਈ ਹੈ, ਜਿਸ ਨਾਲ ਮਾਈਨਿੰਗ ’ਤੇ ਸਰਕਾਰ ਦਾ ਕੰਟਰੋਲ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਕੰਟਰੋਲ ਨਾਲ ਰਾਜ ਸਰਕਾਰ ਦੇ ਖ਼ਜ਼ਾਨੇ ਨੂੰ ਦੋ ਤੋਂ ਤਿੰਨ ਹਜ਼ਾਰ ਕਰੋੜ ਦੀ ਆਮਦਨ ਹੋਵੇਗੀ ਅਤੇ 60 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਚੇਤੇ ਰਹੇ ਕਿ ਪੰਜਾਬ ਕਾਂਗਰਸ ਵਿੱਚ ਅੰਦਰੋਂ-ਅੰਦਰੀਂ ਮੁੱਖ ਮੰਤਰੀ ਦੇ ਚਿਹਰੇ ਸਬੰਧੀ ਕਸ਼ਮਕਸ਼ ਚੱਲ ਰਹੀ ਹੈ। ਕਾਂਗਰਸ ਨੇ ਬੀਤੇ ਦਿਨ ਅਦਾਕਾਰ ਸੋਨੂ ਸੂਦ ਦਾ ਟਵੀਟ ਸਾਂਝਾ ਕੀਤਾ ਸੀ, ਜੋ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਦਾ ਚਿਹਰਾ ਹੋਣ ਵੱਲ ਇਸ਼ਾਰਾ ਕਰਦਾ ਸੀ।