ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਸਤੰਬਰ
ਆਮ ਆਦਮੀ ਪਾਰਟੀ (ਆਪ) ਨੇ ਅੱਜ ਮੋਗਾ ਵਿੱਚ 2.25 ਲੱਖ ਮੀਟ੍ਰਿਕ ਟਨ ਸਮਰਥਾ ਵਾਲੇ ਅਡਾਨੀ ਆਧੁਨਿਕ ਤਕਨੀਕ ਕਣਕ ਭੰਡਾਰ ਦੇ ਬੋਰਡਾਂ ’ਤੇ ਕਾਲਖ ਪੋਤ ਕੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਵਿਧਾਇਕ ਮੀਤ ਹੇਅਰ ਅਤੇ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਅਨਾਜ ਭੰਡਾਰ ਵਿੱਚ ਥਾਂ-ਥਾਂ ਲੱਗੇ ਬੋਰਡਾਂ ’ਤੇ ਕਾਲਾ ਰੰਗ ਪੋਤ ਕੇ ‘ਅੰਬਾਨੀ-ਅਡਾਨੀ ਵਾਪਸ ਜਾਓ’ ਦੇ ਨਾਅਰੇ ਲਾਏ। ਇਸ ਮੌਕੇ ਵਿਧਾਇਕ ਮੀਤ ਹੇਅਰ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅੰਬਾਨੀ-ਅਡਾਨੀ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀ ਧਰਤੀ ’ਤੇ ਪੈਰ ਨਹੀਂ ਰੱਖਣ ਦਿੱਤਾ ਜਾਵੇਗਾ। ਜੇ ਸੂਬੇ ਦੀ ਕੈਪਟਨ ਸਰਕਾਰ ਜਾਂ ਕਾਰਪੋਰੇਟ ਘਰਾਣਿਆਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਉਹ ਆਪਣੀ ‘ਧਰਤੀ ਮਾਂ’ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਧਰਨੇ ਲਾ ਕੇ ਦੇਖ ਲਏ, ਰੇਲ ਪਟੜੀਆਂ ’ਤੇ ਬੈਠ ਕੇ ਦੇਖ ਲਿਆ ਪਰ ਮੋਦੀ ਸਰਕਾਰ ’ਤੇ ਕੋਈ ਅਸਰ ਨਹੀਂ ਹੋਇਆ। ਹੁਣ ਕੇਂਦਰ ਅਤੇ ਸੂਬਾ ਸਰਕਾਰਾਂ ਲਈ ਪੈਸੇ ਛਾਪਣ ਵਾਲੀਆਂ ਮਸ਼ੀਨਾਂ ਅੰਬਾਨੀ-ਅਡਾਨੀ ਦੀਆਂ ਕੰਪਨੀਆਂ ਵਿਚ ਜਾ ਕੇ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਲਾ ਕਾਨੂੰਨ ਪਾਸ ਕਰਕੇ ਪੰਜਾਬ ਦੇ ਕਿਸਾਨਾਂ ਸਮੇਤ ਖੇਤ-ਮਜ਼ਦੂਰਾਂ, ਮੁਨੀਮਾਂ, ਆੜ੍ਹਤੀਆਂ, ਪੱਲੇਦਾਰਾਂ, ਕਾਰੀਗਰਾਂ, ਸਨਅਤਾਂ, ਟਰਾਂਸਪੋਰਟਰਾਂ, ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦੀ ਪਿੱਠ ’ਚ ਛੁਰਾ ਮਾਰਿਆ ਹੈ।