ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਗਸਤ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਐੱਸਵਾਈਐੱਲ ਨਹਿਰ ਸਬੰਧੀ ਕੇਂਦਰੀ ਮੰਤਰੀ ਨਾਲ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ ਮਗਰੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਸਵਾਈਐੱਲ ਬਣਨ ਦੀ ਸੂਰਤ ’ਚ ਪੰਜਾਬ ਵਿਚ ਅੱਗ ਲੱਗਣ ਵਰਗੀ ਭੜਕਾਊ ਬਿਆਨਬਾਜ਼ੀ ਕਰਨ ਦੀ ਥਾਂ ਕੌਮਾਂਤਰੀ ਰਿਪੇਰੀਅਨ ਕਾਨੂੰਨ ਦੇ ਆਧਾਰ ’ਤੇ ਹੀ ਸਟੈਂਡ ਲੈਣਾ ਚਾਹੀਦਾ ਹੈ। ‘ਆਪ’ ਆਗੂ ਨੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਨਵੇਂ ਸਿਰਿਓਂ ਪੈਮਾਇਸ਼ ਬਾਰੇ ਨਵਾਂ ਟ੍ਰਿਬਿਊਨਲ ਬਣਾਊਣ ਦੀ ਮੰਗ ਨਾਲ ਅਸਹਿਮਤੀ ਜਤਾਉਂਦਿਆਂ ਕਿਹਾ ਕਿ ਜੇ ਨਵਾਂ ਟ੍ਰਿਬਿਊਨਲ ਘਟੇ ਪਾਣੀ ਮੁਤਾਬਕ ਹਰਿਆਣੇ ਦਾ ਹਿੱਸਾ ਘਟਾ ਦੇਵੇਗਾ ਤਾਂ ਕੀ ਪੰਜਾਬ ਦੇ ਪਾਣੀ ਦੀ ਹੋ ਰਹੀ ਲੁੱਟ ਰੁਕ ਜਾਵੇਗੀ। ਸ੍ਰੀ ਅਰੋੜਾ ਨੇ ਕਿਹਾ ਕਿ ਰਿਪੇਰੀਅਨ ਕਾਨੂੰਨ ਤਹਿਤ ਹੀ ਪੰਜਾਬ ਦੇ ਪਾਣੀਆਂ ਦੀ ਲੁੱਟ ਰੋਕ ਕੇ ਪੰਜਾਬ ਦੇ ਹਿੱਤ ਬਚਾਏ ਜਾ ਸਕਦੇ ਹਨ।