ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੂਨ
ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਆਗੂ ਅਤੇ ਸਾਬਕਾ ਆਈਪੀਐੱਸ ਅਧਿਕਾਰੀ ਕਿਰਨ ਬੇਦੀ ਵੱਲੋਂ ਇੱਕ ਸਮਾਰੋਹ ’ਚ ਸਿੱਖਾਂ ਦਾ ਮਜ਼ਾਕ ਉਡਾਏ ਜਾਣ ਦੀ ਨਿੰਦਾ ਕੀਤੀ ਹੈ। ‘ਆਪ’ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਟਵੀਟ ਕੀਤਾ ਕਿ ਕਿਰਨ ਬੇਦੀ ਸਿੱਖ ਕੌਮ ਅਤੇ ਸਾਰੇ ਮੁਲਕ ਕੋਲੋਂ ਤੁਰੰਤ ਮੁਆਫ਼ੀ ਮੰਗੇ। ਉਨ੍ਹਾਂ ਕਿਹਾ ਕਿ ਜਦੋਂ ਮੁਗਲ ਫੌਜਾਂ ਭਾਰਤ ਨੂੰ ਲੁੱਟਦੀਆਂ ਸਨ ਤੇ ਔਰਤਾਂ ਨੂੰ ਚੁੱਕ ਕੇ ਲੈ ਜਾਂਦੀਆਂ ਸਨ ਤਾਂ ਸਿੱਖ ਉਨ੍ਹਾਂ ਨਾਲ ਲੜਨ ਅਤੇ ਭੈਣਾਂ ਤੇ ਬੇਟੀਆਂ ਦੀ ਰਾਖੀ ਲਈ ਰਾਤ 12 ਵਜੇ ਮੁਗਲਾਂ ’ਤੇ ਹਮਲੇ ਕਰਦੇ ਸਨ। ਇਹ ਹੈ 12 ਵਜੇ ਦਾ ਇਤਿਹਾਸ। ਉਨ੍ਹਾਂ ਕਿਹਾ ਕਿ ਭਾਜਪਾ ਦੀ ਘਟੀਆ ਸੋਚ ਵਾਲੇ ਆਗੂ ਸਿੱਖਾਂ ਨੂੰ ਇੱਜ਼ਤ ਦੇਣ ਦੀ ਥਾਂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਜੋ ਨਿੰਦਣਯੋਗ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਕਿਹਾ ਕਿ ਤੁਹਾਨੂੰ ਆਪਣੀ ਸੋਚ ’ਤੇ ਸ਼ਰਮ ਆਉਣੀ ਚਾਹੀਦੀ ਹੈ। ਟਿੱਪਣੀ ਕਰਨ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਅਤੇ ਭਾਰਤ ਲਈ ਸਿੱਖਾਂ ਦੇ ਯੋਗਦਾਨ ਬਾਰੇ ਪੜ੍ਹੋ। ਉਨ੍ਹਾਂ ਕਿਹਾ ਕਿ ਭਾਜਪਾ ਘਟੀਆ ਸੋਚ ਵਾਲੇ ਆਗੂਆਂ ਨਾਲ ਭਰੀ ਪਈ ਹੈ। ਇਸ ਸਬੰਧੀ ਭਾਜਪਾ ਚੁੱਪ ਕਿਉਂ ਹੈ। ਇਸੇ ਤਰ੍ਹਾਂ ‘ਆਪ’ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਿਰਨ ਬੇਦੀ ਪੰਜਾਬ ਨਾਲ ਸਬੰਧ ਰੱਖਦੀ ਹੈ ਪਰ ਆਪਣੇ ਸਿਆਸੀ ਆਗੂਆਂ ਨੂੰ ਖੁਸ਼ ਕਰਨ ਲਈ ਸਿੱਖਾਂ ਦਾ ਮਜ਼ਾਕ ਉਡਾ ਰਹੀ ਹੈ। ਇਸ ਲਈ ਕਿਰਨ ਬੇਦੀ ਨੂੰ ਆਪਣੇ ਇਸ ਮੰਦਭਾਗੇ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।