ਰਾਜਨ ਮਾਨ
ਰਮਦਾਸ, 7 ਫਰਵਰੀ
ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਚੋਣ ਪ੍ਰਚਾਰ ਜ਼ੋਰ ਫੜਦਾ ਜਾ ਰਿਹਾ ਹੈ ਅਤੇ ਹੁਣ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਉਮੀਦਵਾਰਾਂ ਦੀਆਂ ਪਤਨੀਆਂ ਤੇ ਨੂੰਹਾਂ ਵੀ ਮੈਦਾਨ ਵਿੱਚ ਨਿੱਤਰ ਆਈਆਂ ਹਨ। ‘ਆਪ’ ਉਮੀਦਵਾਰ ਦੇ ਹੱਕ ਵਿੱਚ ਅਮਰੀਕਾ ਤੋਂ ਆਈ ਉਸ ਦੀ ਨੂੰਹ ਘਰ-ਘਰ ਜਾ ਕੇ ਪ੍ਰਚਾਰ ਕਰ ਰਹੀ ਹੈ। ਇਸ ਵਿਧਾਨ ਸਭਾ ਹਲਕੇ ਤੋਂ ਤਿਕੋਣੀ ਟੱਕਰ ਬਣ ਗਈ ਹੈ ਜਿਸ ਕਾਰਨ ਸਾਰੇ ਉਮੀਦਵਾਰਾਂ ਵਲੋਂ ਆਪਣੇ ਪਰਿਵਾਰਾਂ ਦੀਆਂ ਔਰਤਾਂ ਨੂੰ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ। ਹੁਣ ਇਹ ਔਰਤਾਂ ਪਿੰਡਾਂ ਵਿਚ ਉੱਡਦੀ ਧੂੜ ਅਤੇ ਰੂੜੀਆਂ ਤੋਂ ਬੇਪ੍ਰਵਾਹ ਹੋ ਕੇ ਪ੍ਰਚਾਰ ਕਰ ਰਹੀਆਂ ਹਨ। ਇਨ੍ਹਾਂ ਵਲੋਂ ਗਰੀਬਾਂ ਦੇ ਮਿੱਟੀ ਨਾਲ ਲਿੱਬੜੇ ਬੱਚਿਆਂ ਨਾਲ ਲਾਡ ਲਡਾਇਆ ਜਾ ਰਿਹਾ ਹੈ।
ਹਲਕੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਸਖ਼ਤ ਮੁਕਾਬਲਾ ਹੈ। ਲੋਕਾਂ ਵਲੋਂ ਮਿਲ ਰਹੇ ਹੁੰਗਾਰੇ ਨੂੰ ਵੇਖਦਿਆਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਦੀ ਚੋਣ ਮੁਹਿੰਮ ਵਿੱਚ ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ ਧਾਰੀਵਾਲ ਸਾਥ ਨਿਭਾਅ ਰਹੀ ਹੈ। ਉਨ੍ਹਾਂ ਦੀ ਨੂੰਹ ਅਮਨ ਧਾਰੀਵਾਲ ਵੀ ਇੱਕ ਦਿਨ ਪਹਿਲਾਂ ਹੀ ਅਮਰੀਕਾ ਤੋਂ ਆਈ ਹੈ ਤੇ ਉਸ ਨੇ ਵੀ ਆਪਣੇ ਸਹੁਰੇ ਦੇ ਹੱਕ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਉਧਰ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਦੀ ਪਤਨੀ ਤੇਜਿੰਦਰ ਕੌਰ ਵਲੋਂ ਵੀ ਆਪਣੇ ਪਤੀ ਲਈ ਲੋਕਾਂ ਦੇ ਦਰਾਂ ’ਤੇ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਅਕਾਲੀ ਦਲ ਦੇ ਉਮੀਦਵਾਰ ਅਮਰਪਾਲ ਸਿੰਘ ਬੋਨੀ ਦੀ ਪਤਨੀ ਅਨੂ ਅਜਨਾਲਾ ਤੇ ਮਾਂ ਡਾ. ਅਵਤਾਰ ਕੌਰ ਵਲੋਂ ਵੀ ਲੋਕਾਂ ਦੀਆਂ ਬਰੂਹਾਂ ’ਤੇ ਦਸਤਕ ਦਿੱਤੀ ਜਾ ਰਹੀ ਹੈ ਤੇ ਉਮੀਦਵਾਰ ਦੇ ਹੱਕ ਵਿਚ ਵੋਟਾਂ ਮੰਗੀਆਂ ਜਾ ਰਹੀਆਂ ਹਨ।
ਲਹਿਰਾਗਾਗਾ ਵਿੱਚ ਨੂੰਹ ਨੇ ਸੱਸ ਲਈ ਮੰਗੀਆਂ ਵੋਟਾਂ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੀ ਨੂੰਹ ਅਤੇ ਸੂਬਾ ਕਾਂਗਰਸ ਦੇ ਮੀਡੀਆ ਸਹਿਯੋਗੀ ਰਾਹੁਲ ਸਿੱਧੂ ਦੀ ਪਤਨੀ ਨੇਹਾ ਸਿੱਧੂ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਜਾ ਕੇ ਬੀਬੀ ਭੱਠਲ ਲਈ ਵੋਟਾਂ ਮੰਗੀਆਂ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਬੀਬੀ ਭੱਠਲ ਹਰ ਵਰਗ ਦੀ ਭਲਾਈ ਲਈ ਗੰਭੀਰ ਹਨ ਤੇ ਹਲਕੇ ਵਿਚ ਰਿਕਾਰਡ ਤੋੜ ਕੰਮ ਕਰਵਾਏ ਹਨ।
ਕੀ ਗਰੀਬਾਂ ਨੂੰ ਜਿੱਤ ਤੋਂ ਬਾਅਦ ਵੀ ਮਿਲੇਗਾ ਪਿਆਰ
ਆਪਣੇ ਦਰਾਂ ’ਤੇ ਵੱਡੇ ਘਰਾਂ ਦੀਆਂ ਬੀਬੀਆਂ ਨੂੰ ਵੇਖ ਲੋਕ ਇਕੋ ਗੱਲ ਕਹਿੰਦੇ ਸੁਣੀਦੇ ਹਨ ਕਿ ਸ਼ਾਲਾ ਜਿੱਤਣ ਤੋਂ ਬਾਅਦ ਵੀ ਇਹ ਲੋਕ ਇਸ ਤਰ੍ਹਾਂ ਹੀ ਸਤਿਆਰ ਤੇ ਪਿਆਰ ਦੇਣ। ਅਜਨਾਲਾ ਦੀ ਇਕ ਬਿਰਧ ਔਰਤ ਦਲਬੀਰ ਕੌਰ ਨੇ ਕਿਹਾ ਕਿ ਵੋਟਾਂ ਵੇਲੇ ਤਾਂ ਸਾਰੇ ਹੀ ਸਾਨੂੰ ਤੇ ਸਾਡੇ ਬੱਚਿਆਂ ਨੂੰ ਗਲੇ ਲਾਉਂਦੇ ਹਨ ਪਰ ਜਿੱਤਣ ਤੋਂ ਬਾਅਦ ਇਹ ਕਿਸੇ ਨੂੰ ਪਛਾਣਦੇ ਵੀ ਨਹੀਂ। ਅਮਰੀਕਾ ਤੋਂ ਆਈ ਅਮਨ ਧਾਲੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸੁਹਿਰਦ ਨਾ ਹੋਣ ਕਰਕੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਚਲੀ ਗਈ ਹੈ ਅਤੇ ਸਿਆਸਤਦਾਨ ਸਿਰਫ ਆਪਣੇ ਸੁਆਰਥਾਂ ਲਈ ਵੰਡੀਆਂ ਪਾ ਕੇ ਲੜਾ ਰਹੇ ਹਨ।