ਮਾਨਸਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਨੇ ਮਾਨਸਾ ’ਚ ਭਲਕੇ ਜ਼ਿਲ੍ਹਾ ਪੱਧਰੀ ਪਾਰਟੀ ਦੇ ਦਫ਼ਤਰ ਦੇ ਉਦਘਾਟਨ ਵਿੱਚ ਬਰਖ਼ਾਸਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਸੱਦਾ ਪੱਤਰ ਨਾ ਭੇਜ ਕੇ ਉਸ ਤੋਂ ਪਾਸਾ ਵੱਟ ਲਿਆ ਹੈ। ਇਸ ਦਫ਼ਤਰ ਦਾ ਉਦਘਾਟਨ ਕਰਨ ਲਈ 23 ਜੁਲਾਈ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਪਹੁੰਚ ਰਹੇ ਹਨ। ਕਚਹਿਰੀ ਰੋਡ ਵਿੱਚ ਸਥਾਪਤ ਕੀਤੇ ਗਏ ਇਸ ਦਫ਼ਤਰ ਦੇ ਉਦਘਾਟਨ ਮੌਕੇ ਪਾਰਟੀ ਦੇ ਲੋਕ ਸਭਾ ਇੰਚਾਰਜ, ਜ਼ਿਲ੍ਹਾ ਅਤੇ ਤਹਿਸੀਲ ਪ੍ਰਧਾਨ ਤੋਂ ਇਲਾਵਾ ਸਰਦੂਲਗੜ੍ਹ ਅਤੇ ਬੁਢਲਾਡਾ ਦੇ ਵਿਧਾਇਕ ਵੀ ਪਹੁੰਚ ਰਹੇ ਹਨ ਪਰ ਡਾ. ਵਿਜੈ ਸਿੰਗਲਾ ਦਾ ਕਿਤੇ ਵੀ ਨਾਂ ਨਹੀਂ ਹੈ।